ਹਰਿਆਣਾ ਦੀਆਂ ਧੀਆਂ ਖੇਡਾਂ ’ਚ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਗੱਡ ਰਹੀਆਂ ਝੰਡੇ: ਦੁਸ਼ਯੰਤ
Wednesday, Apr 14, 2021 - 04:57 PM (IST)
ਹਰਿਆਣਾ— ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਦੀਆਂ ਧੀਆਂ ਵੀ ਅੱਜ ਖੇਡ ਦੇ ਖੇਤਰ ਵਿਚ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਝੰਡੇ ਗੱਡ ਰਹੀਆਂ ਹਨ। ਸਿੱਖਿਆ ਦੇ ਖੇਤਰ ਵਿਚ ਤਾਂ ਧੀਆਂ ਪਹਿਲਾਂ ਹੀ ਆਪਣੇ ਹੁਨਰ ਦਾ ਪਰਿਚੈ ਦੇ ਚੁੱਕੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਨੇ ਖੇਡਾਂ ਦੇ ਖੇਤਰ ਵਿਚ ਵੀ ਲੋਹਾ ਮਨਵਾਉਣ ਸ਼ੁਰੂ ਕਰ ਦਿੱਤਾ ਹੈ। ਚੌਟਾਲਾ ਨਾਲ ਅੱਜ ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਤਹਿਸੀਲ ਦੇ ਅਧੀਨ ਆਉਣ ਵਾਲੇ ਪਿੰਡ ਨਥਵਾਣ ਵਾਸੀ ਕਿਕ-ਬਾਕਸਿੰਗ ਖਿਡਾਰੀ ਅਨਮੋਲ ਕੰਬੋਜ ਮਿਲੀ ਅਤੇ ਆਸ਼ੀਰਵਾਦ ਲਿਆ।
ਅਨਮੋਲ ਕੰਬੋਜ ਨੇ ਹਾਲ ਹੀ ਵਿਚ ਸੂਬਾ ਪੱਧਰੀ ਖੇਡਾਂ ’ਚ ਕਿਕ-ਬਾਕਸਿੰਗ ’ਚ ਸੋਨ ਤਮਗਾ ਜਿੱਤਿਆ ਹੈ। ਅਨਮੋਲ ਤਾਈਕਵਾਂਡੋ ਦੀ ਵੀ ਨੈਸ਼ਨਲ ਪੱਧਰ ਦੀ ਖਿਡਾਰਣ ਹੈ ਅਤੇ ਉਹ ਸਾਲ 2019 ਵਿਚ ਨੈਸ਼ਨਲ ਖੇਡਾਂ ’ਚ ਸਿਲਵਰ ਤਮਗਾ ਆਪਣੀ ਝੋਲੀ ’ਚ ਪਵਾਉਣ ’ਚ ਸਫ਼ਲ ਰਹੀ ਸੀ। ਉੱਪ ਮੁੱਖ ਮੰਤਰੀ ਨੇ ਅਨਮੋਲ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅਨਮੋਲ ਕੰਬੋਜ ਭਵਿੱਖ ’ਚ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਦੇਸ਼ ਅਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾਏਗੀ। ਦੁਸ਼ਯੰਤ ਨੇ ਦੱਸਿਆ ਕਿ ਹਰਿਆਣਾ ਸਰਕਾਰ ਆਪਣੇ ਪ੍ਰਦੇਸ਼ ਦੇ ਖਿਡਾਰੀਆਂ ਲਈ ਬਿਹਤਰੀਨ ਸਹੂਲਤਾਂ ਉਪਲੱਬਧ ਕਰਵਾ ਰਹੀ ਹੈ।