ਅੰਕਿਤਾ ਭੰਡਾਰੀ ਕਤਲਕਾਂਡ : ਤਿੰਨੋਂ ਮੁੱਖ ਦੋਸ਼ੀ SIT ਦੀ ਹਿਰਾਸਤ ’ਚ
Saturday, Oct 01, 2022 - 07:42 PM (IST)
ਦੇਹਰਾਦੂਨ– ਅੰਕਿਤਾ ਭੰਡਾਰੀ ਕਤਲਕਾਂਡ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ (SIT) ਨੇ ਤਿੰਨ ਮੁੱਖ ਦੋਸ਼ੀਆਂ ਨੂੰ ਪੁਲਸ ਰਿਮਾਂਡ ’ਤੇ ਲਿਆ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਰਿਜ਼ਾਰਟ ’ਚ ਬਤੌਰ ਰਿਸੈਪਸ਼ਨਿਸਟ ਕੰਮ ਕਰਨ ਵਾਲੀ ਅੰਕਿਤਾ ਦਾ ਰਿਜ਼ਾਰਟ ਸੰਚਾਲਕ ਪੁਲਕਿਤ ਆਰੀਅਨ ਨੇ ਆਪਣੇ ਦੋ ਕਰਮਚਾਰੀਆਂ ਸੋਰਭ ਭਾਸਕਰ ਅਤੇ ਅੰਕਿਤ ਗੁਪਤਾ ਨਾਲ ਮਿਲਕੇ ਰਿਸ਼ੀਕੇਸ਼ ਨੇੜੇ ਚੀਲਾ ਨਹਿਰ ’ਚ ਸੁੱਟ ਕੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਸੀ। ਅੰਕਿਤਾ ਨੇ ਰਿਜ਼ਾਰਟ ਦੇ ਵੀ.ਆਈ.ਪੀ. ਗਾਹਕਾਂ ਨੂੰ ‘ਵਾਧੂ ਸੇਵਾ’ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਦੋਸ਼ੀਆਂ ਨੂੰ 23 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਘਟਨਾਵਾਂ ਦੇ ਕ੍ਰਮ ਨੂੰ ਸਥਾਪਿਤ ਕਰਨ ਲਈ ਤਿੰਨਾਂ ਦੋਸ਼ੀਆਂ ਨੂੰ ਅਪਰਾਧ ਵਾਲੀ ਥਾਂ ਵੀ ਲਿਜਾਇਆ ਜਾ ਸਕਦਾ ਹੈ। ਸੰਪਰਕ ਕੀਤੇ ਜਾਣ ਦੇ ਬਾਵਜੂਦ ਸਬ-ਇੰਸਪੈਕਟਰ ਵੈਭਵ ਪ੍ਰਤਾਪ ਸਿੰਘ ਵੱਲੋਂ ਮਾਮਲੇ ’ਚ ਐੱਫ.ਆਈ.ਆਰ. ਦਰਜ ਨਾ ਕਰਨ ਦੇ ਦੋਸ਼ ’ਚ ਡਿਊਟੀ ’ਚ ਲਾਪਰਵਾਹੀ ਵਰਤਣ ਲਈ ਮੁਅੱਤਲ ਕੀਤਾ ਗਿਆ ਹੈ। ਸਿੰਘ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਧਿਕਾਰੀ ਨੇ ਦੱਸਿਆ ਕਿ ਇਸਤੋਂ ਇਲਾਵਾ ਜਾਂਚ ਟੀਮ ਨੇ ਅੰਕਿਤਾ ਦੀ ਉਸ ਦੋਸਤ ਦਾ ਬਿਆਨ ਵੀ ਦਰਜ ਕੀਤਾ ਹੈ, ਜਿਸ ਨਾਲ ਉਸਦੇ ਕਤਲ ਵਾਲੇ ਦਿਨ ਗੱਲਬਾਤ ਹੋਈ ਸੀ। ਐੱਸ.ਆਈ.ਟੀ. ਨੇ ਮਾਮਲੇ ਦੀ ਜਾਂਚ ’ਚ ਤੇਜ਼ੀ ਲਿਆਉਣ ਲਈ ਪੰਜ ਟੀਮਾਂ ਦਾ ਗਠਨ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਚੀਲਾ ਨਹਿਰ ’ਚੋਂ ਇਕ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਜਿਸ ਵਿਚ ਅੰਕਿਤਾ ਨੂੰ ਕਥਿਤ ਤੌਰ ’ਤੇ ਸੁੱਟਿਆਗਿਆ ਸੀ। ਉਨ੍ਹਾਂ ਦੱਸਿਆ ਕਿ ਫੋਨ ਫਾਰੈਂਸਿਕ ਟੀਮ ਨੂੰ ਸੌਂਪ ਦਿੱਤਾ ਗਿਆ ਹੈ।