ਥੱਪੜ ਮਾਰਨ ਤੋਂ ਨਾਰਾਜ਼ ਵਿਅਕਤੀ ਨੇ ਕਰਿਆਨਾ ਦੁਕਾਨ ਦੇ ਮਾਲਕ ਦਾ ਗੋਲੀ ਮਾਰ ਕੀਤਾ ਕਤਲ, ਗ੍ਰਿਫ਼ਤਾਰ

04/23/2022 11:55:19 AM

ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਕੁਝ ਦਿਨ ਪਹਿਲਾਂ ਥੱਪੜ ਮਾਰੇ ਜਾਣ ਤੋਂ ਨਾਰਾਜ਼ ਹੋ ਕੇ ਕਰਿਆਨਾ ਦੁਕਾਨ ਦੇ ਮਾਲਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਿਲਾਸਪੁਰ ਖੁਰਦ ਪਿੰਡ ਵਾਸੀ 35 ਸਾਲਾ ਦੀਪਕ ਨੂੰ ਉਸ ਦੀ ਦੁਕਾਨ 'ਚ ਵੀਰਵਾਰ ਰਾਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ 2 ਲੋਕਾਂ ਨੇ 5 ਗੋਲੀਆਂ ਮਾਰੀਆਂ ਸਨ। 

ਪੁਲਸ ਅਨੁਸਾਰ, ਇਕ ਦੋਸ਼ੀ 20 ਸਾਲਾ ਕੈਲਾਸ਼ ਨੂੰ ਸਥਾਨਕ ਲੋਕਾਂ ਨੇ ਮੌਕੇ 'ਤੇ ਫੜ ਲਿਆ ਸੀ ਅਤੇ ਉਹ ਰੋਹਤਕ ਜ਼ਿਲ੍ਹੇ ਦਾ ਵਾਸੀ ਹੈ। ਉਨ੍ਹਾਂ ਦੱਸਿਆ ਕਿ ਦੀਪਕ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਅਧਿਕਾਰੀ ਅਨੁਸਾਰ, ਦੋਸ਼ੀ ਕੋਲੋਂ ਪਿਸਤੌਲ ਅਤੇ 7 ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਏ.ਸੀ.ਪੀ. (ਅਪਰਾਧ) ਪ੍ਰੀਤਪਾਲ ਸਿੰਘ ਸਾਂਗਵਾਨ ਨੇ ਦੱਸਿਆ,''ਕੈਲਾਸ਼, ਦੀਪਕ ਦੇ ਘਰ ਕਿਰਾਏ 'ਤੇ ਰਹਿੰਦਾ ਸੀ। ਕੁਝ ਦਿਨ ਪਹਿਲਾਂ ਦੋਹਾਂ ਦਰਮਿਆਨ ਬਹਿਸ ਹੋਈ ਸੀ ਅਤੇ ਇਸ ਦੌਰਾਨ ਦੀਪਕ ਨੇ ਕੈਲਾਸ਼ ਨੂੰ ਥੱਪੜ ਮਾਰ ਦਿੱਤਾ ਸੀ। ਉਸ ਨੇ ਥੱਪੜ ਦਾ ਬਦਲਾ ਲੈਣ ਲਈ ਦੀਪਕ ਦਾ ਕਤਲ ਕਰ ਦਿੱਤਾ।''


DIsha

Content Editor

Related News