ਖੁਦ ਨੂੰ ਪੁਲਸ ਅਧਿਕਾਰੀ ਦਾ ਪੁੱਤ ਦੱਸ ਕੇ ਨਸ਼ੇ ’ਚ ਧੁੱਤ ਵਿਅਕਤੀ ਨੇ ਕਾਂਸਟੇਬਲ ਨਾਲ ਕੀਤੀ ਹੱਥੋਪਾਈ
Sunday, Aug 18, 2024 - 04:05 PM (IST)
ਮੁੰਬਈ - ਮੁੰਬਈ ਪੁਲਸ ਨੇ ਖੁਦ ਨੂੰ ਪੁਲਸ ਦੇ ਸੀਨੀਅਰ ਅਧਿਕਾਰੀ ਦਾ ਪੁੱਤਰ ਦੱਸ ਕੇ ਨਸ਼ੇ ’ਚ ਗੱਡੀ ਚਲਾਉਣ ਅਤੇ ਡਿਊਟੀ ਤੇ ਤਾਇਨਾਤ ਕਾਂਸਟੇਬਲ ਨਾਲ ਬਹੁਤ ਜ਼ਿਆਦਾ ਕੁੱਟਮਾਰ ਕਰਨ ਅਤੇ ਧਮਕੀ ਦੇਣ ਦੇ ਦੋਸ਼ ’ਚ 35 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਐਤਵਾਰ ਨੂੰ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਰਸੋਵਾ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁਕਰਵਾਰ ਨੂੰ ਅੰਧੇਰੀ ਇਲਾਕੇ ਦੇ '4ਬੰਗਲਾ' ਖੇਤਰ ’ਚ ਵਾਪਰੀ। ਉਨ੍ਹਾਂ ਨੇ ਕਿਹਾ ਕਿ ਨਸ਼ੇ ’ਚ ਗੱਡੀ ਚਲਾਉਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਕਾਂਸਟੇਬਲ ਨੇ ਵਿਕਾਸ ਮਿਸ਼ਰਾ ਨਾਮਕ ਵਿਅਕਤੀ ਨੂੰ ਰੋਕਿਆ।
ਪੁਲਸ ਨੇ ਦੇਖਿਆ ਕਿ ਉਹ ਨਸ਼ੇ ਦੀ ਹਾਲਤ ’ਚ ਸੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਕਾਂਸਟੇਬਲ ਨੇ ਉਸ ਨੂੰ 'ਡ੍ਰਾਈਵਿੰਗ ਲਾਇਸੈਂਸ' ਅਤੇ ਹੋਰ ਕਾਗਜ਼ਾਤ ਦਿਖਾਉਣ ਨੂੰ ਕਿਹਾ ਤਾਂ ਉਹ ਗੁੱਸੇ ’ਚ ਆ ਗਿਆ ਅਤੇ ਪੁਲਸ ਨਾਲ ਬਹਿਸ ਕਰਨ ਲੱਗਾ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੇ ਕਾਂਸਟੇਬਲ ਨਾਲ ਬਦਤਮੀਜ਼ੀ ਕੀਤੀ ਅਤੇ ਧਮਕੀ ਦਿੱਤੀ ਕਿ ਉਸ ਦਾ ਪਿਤਾ ਡੀ.ਐੱਸ.ਪੀ. (ਪੁਲਸ ਉਪਅਧਿਕਾਰੀ) ਹੈ। ਮੌਕੇ 'ਤੇ ਮੌਜੂਦ ਇਕ ਵਿਅਕਤੀ ਨੇ ਇਸ ਘਟਨਾ ਦਾ ਵੀਡੀਓ ਬਣਾਇਆ ਜੋ ਬਾਅਦ ’ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਘਟਨਾ ਤੋਂ ਬਾਅਦ ਆਰੋਪੀ ਨੂੰ ਸਥਾਨਕ ਪੁਲਸ ਥਾਣੇ ਲਿਜਾਇਆ ਗਿਆ ਅਤੇ ਭਾਰਤੀ ਦੰਡਾਵਲੀ ਅਤੇ ਮੋਟਰ ਵਾਹਨ ਐਕਟ ਨਾਲ ਸੰਬੰਧਤ ਧਾਰਾਵਾਂ ’ਚ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਕੀਤੀ ਗਈ। ਦੋਸ਼ੀ ਨੂੰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਉਸ ਨੇ ਆਪਣੀ ਗਲਤੀ ਮੰਨ ਲਈ। ਪੁਲਸ ਨੇ ਦੱਸਿਆ ਕਿ 10,000 ਰੁਪਏ ਦਾ ਜੁਰਮਾਨਾ ਭਰਨ ਦੇ ਬਾਅਦ ਉਸ ਨੂੰ ਰਿਹਾਈ ਦੇ ਦਿੱਤੀ ਗਈ।