ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਨੇ ਅੰਮ੍ਰਿਤਸਰ ਟਰੇਨ ਹਾਦਸੇ ''ਤੇ ਜਤਾਇਆ ਦੁੱਖ

Saturday, Oct 20, 2018 - 01:02 PM (IST)

ਪਟਨਾ (ਵਾਰਤਾ)— ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਨੇ ਪੰਜਾਬ ਦੇ ਅੰਮ੍ਰਿਤਸਰ 'ਚ ਸ਼ੁੱਕਰਵਾਰ ਦੀ ਸ਼ਾਮ ਨੂੰ ਵਾਪਰੇ ਟਰੇਨ ਹਾਦਸੇ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਟੰਡਨ ਨੇ ਇਸ ਟਰੇਨ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਹੈ। ਉਨ੍ਹਾਂ ਨੇ ਸੋਗ ਜ਼ਾਹਰ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਧੀਰਜ ਬਣਾ ਕੇ ਰੱਖਣ ਦੀ ਗੱਲ ਆਖੀ। ਇਸ ਦੇ ਨਾਲ ਹੀ ਰਾਜਪਾਲ ਲਾਲਜੀ ਨੇ ਹਾਦਸੇ ਵਿਚ ਜ਼ਖਮੀ ਲੋਕਾਂ ਦੇ ਛੇਤੀ ਠੀਕ ਹੋਣ ਦੀ ਵੀ ਪ੍ਰਾਰਥਨਾ ਕੀਤੀ ਹੈ।

ਜ਼ਿਕਰਯੋਗ ਹੈ ਕਿ ਦੁਸਹਿਰੇ ਦੇ ਮੌਕੇ ਪੰਜਾਬ ਦੇ ਅੰਮ੍ਰਿਤਸਰ 'ਚ ਵੱਡਾ ਟਰੇਨ ਹਾਦਸਾ ਵਾਪਰਿਆ, ਜਿਸ 'ਚ 50 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਹਾਦਸਾ ਅੰਮ੍ਰਿਤਸਰ ਵਿਚ ਜੌੜਾ ਫਾਟਕ ਦੇ ਨੇੜੇ ਵਾਪਰਿਆ, ਜਿੱਥੇ ਰੇਲਵੇ ਟਰੈੱਕ ਦੇ ਨੇੜੇ ਲੋਕ ਰਾਵਣ ਨੂੰ ਸੜਦਾ ਦੇਖ ਰਹੇ ਸਨ। ਪਟਾਕਿਆਂ ਦੀ ਆਵਾਜ਼ 'ਚ ਲੋਕਾਂ ਨੂੰ ਟਰੇਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਇਸ ਦੌਰਾਨ ਟਰੇਨ ਦੀ ਲਪੇਟ ਵਿਚ ਸੈਂਕੜੇ ਲੋਕ ਆ ਗਏ। ਮਰਨ ਵਾਲਿਆਂ 'ਚ ਬੱਚੇ ਵੀ ਸ਼ਾਮਲ ਹਨ। ਇਹ ਟਰੇਨ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਸੀ। ਓਧਰ ਅੰਮ੍ਰਿਤਸਰ ਸਿਟੀ ਪੁਲਸ ਕਮਿਸ਼ਨਰ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੁਸਹਿਰਾ ਪ੍ਰੋਗਰਾਮ ਦੌਰਾਨ ਟਰੇਨ ਦੀ ਲਪੇਟ ਵਿਚ ਆਉਣ ਨਾਲ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਿੰਨੇ ਲੋਕ ਹਾਦਸੇ ਵਿਚ ਜ਼ਖਮੀ ਹੋਏ ਹਨ, ਇਸ ਸਬੰਧੀ ਸਪੱਸ਼ਟ ਜਾਣਕਾਰੀ ਨਹੀਂ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।


Related News