ਮਹਿਲਾ ਸੁਰੱਖਿਆ ਅਤੇ ਨਸ਼ੀਲੇ ਪਦਾਰਥ ਤਸਕਰੀ ''ਤੇ ਚਿੰਤਨ ਕੈਂਪ ਦੀ ਪ੍ਰਧਾਨਗੀ ਕਰਨਗੇ ਅਮਿਤ ਸ਼ਾਹ
Wednesday, Oct 26, 2022 - 04:19 PM (IST)
ਨਵੀਂ ਦਿੱਲੀ (ਭਾਸ਼ਾ)- ਹਰਿਆਣਾ ਦੇ ਸੂਰਜਕੁੰਡ 'ਚ 27 ਅਤੇ 28 ਅਕਤੂਬਰ ਨੂੰ ਰਾਜਾਂ ਦੇ ਗ੍ਰਹਿ ਮੰਤਰੀਆਂ ਦੇ 2 ਦਿਨਾ 'ਚਿੰਤਨ ਕੈਂਪ' 'ਚ ਸਾਈਬਰ ਅਪਰਾਧਾਂ ਦੇ ਪ੍ਰਬੰਧਨ ਲਈ ਅਪਰਾਧਿਕ ਨਿਆਂ ਪ੍ਰਣਾਲੀ 'ਚ ਸੂਚਨਾ ਤਕਨਾਲੋਜੀ (ਆਈ. ਟੀ.) ਦੇ ਇਸਤੇਮਾਲ 'ਚ ਵਾਧਾ, ਮਹਿਲਾ ਸੁਰੱਖਿਆ, ਤੱਟਵਰਤੀ ਸੁਰੱਖਿਆ ਅਤੇ ਅੰਦਰੂਨੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਚਿੰਤਨ ਕੈਂਪ' ਦੀ ਪ੍ਰਧਾਨਗੀ ਕਰਨਗੇ, ਜਿਸ ਦਾ ਮਕਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਜ਼ਾਦੀ ਦਿਹਾੜੇ ਭਾਸ਼ਣ 'ਚ ਐਲਾਨ 'ਵਿਜਨ 2047' ਅਤੇ 'ਪੰਚ ਪ੍ਰਾਣ' ਨੂੰ ਲਾਗੂ ਕਰਨ ਲਈ ਇਕ ਕਾਰਜ ਯੋਜਨਾ ਤਿਆਰ ਕਰਨਾ ਹੈ। ਪੀ.ਐੱਮ. ਮੋਦੀ 28 ਅਕਤੂਬਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ 'ਚਿੰਤਨ ਕੈਂਪ' ਨੂੰ ਸੰਬੋਧਨ ਕਰਨਗੇ। ਬਿਆਨ ਅਨੁਸਾਰ, 'ਚਿੰਤਨ ਕੈਂਪ' 'ਚ ਸਾਈਬਰ ਅਪਰਾਧਾਂ ਦੇ ਪ੍ਰਬੰਧਨ ਲਈ ਇਕ ਵਾਤਾਵਰਣ ਪ੍ਰਣਾਲੀ ਦਾ ਵਿਕਾਸ, ਪੁਲਸ ਫ਼ੋਰਸਾਂ ਦੇ ਆਧੁਨਿਕੀਕਰਨ, ਅਪਰਾਧਕ ਨਿਆਂ ਪ੍ਰਣਾਲੀ 'ਚ ਆਈ.ਟੀ. ਦੇ ਇਸਤੇਮਾਲ 'ਚ ਵਾਧੇ, ਮਹਿਲਾ ਸੁਰੱਖਿਆ, ਤੱਟਵਰਤੀ ਸੁਰੱਖਿਆ, ਭੂਮੀ ਸਰਹੱਦ ਪ੍ਰਬੰਧਨ ਅਤੇ ਹੋਰ ਅੰਦਰੂਨੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।'' '2047 ਤੱਕ ਵਿਕਸਿਤ ਭਾਰਤ' ਦੇ ਟੀਚੇ ਨੂੰ ਹਾਸਲ ਕਰਨ ਲਈ 'ਨਾਰੀ ਸ਼ਕਤੀ' ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਲਈ ਇਕ ਸੁਰੱਖਿਅਤ ਵਾਤਾਵਰਣ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਸੰਮੇਲਨ ਦਾ ਮਕਸਦ ਉਪਰੋਕਤ ਖੇਤਰਾਂ 'ਚ ਰਾਸ਼ਟਰੀ ਨੀਤੀ ਨਿਰਮਾਣ ਅਤੇ ਬਿਹਤਰ ਯੋਜਨਾ ਅਤੇ ਤਾਲਮੇਲ ਦੀ ਸਹੂਲਤ ਪ੍ਰਦਾਨ ਕਰਨਾ ਵੀ ਹੈ। 'ਚਿੰਤਨ ਕੈਂਪ' 'ਚ 6 ਸੈਸ਼ਨਾਂ 'ਚ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ। ਕੈਂਪ ਦੇ ਪਹਿਲੇ ਦਿਨ ਹੋਮਗਾਰਡ, ਨਾਗਰਿਕ ਸੁਰੱਖਿਆ, ਅੱਗ ਤੋਂ ਸੁਰੱਖਿਆ ਅਤੇ ਦੁਸ਼ਮਣ ਦੀ ਜਾਇਦਾਦ ਕਈ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਵੇਗਾ। ਉੱਥੇ ਹੀ ਦੂਜੇ ਦਿਨ ਸਾਈਬਰ ਸੁਰੱਖਿਆ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਹਿਲਾ ਸੁਰੱਖਿਆ ਅਤੇ ਸਰਹੱਦੀ ਪ੍ਰਬੰਧਨ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਚਿੰਤਨ ਕੈਂਪ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਸ਼ੇ ਨੂੰ ਲੈ ਕੇ ਐੱਨ.ਡੀ.ਪੀ.ਐੱਸ. ਐਕਟ, ਐਨਕਾਰਡ, ਜਾਂਚ ਅਤੇ ਨਸ਼ਾਮੁਕਤ ਭਾਰਤ ਮੁਹਿੰਮ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਵੱਖ-ਵੱਖ ਵਿਸ਼ਿਆਂ 'ਤੇ ਆਯੋਜਿਤ ਸੈਸ਼ਨਾਂ ਦਾ ਉਦੇਸ਼ ਇਨ੍ਹਾਂ ਮੁੱਦਿਆਂ 'ਤੇ ਰਾਜ ਸਰਕਾਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਸਾਰੇ ਰਾਜਾਂ ਦੇ ਗ੍ਰਹਿ ਮੰਤਰੀਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲਾਂ ਨੂੰ ਚਿੰਤਨ ਕੈਂਪ ਲਈ ਸੱਦਾ ਦਿੱਤਾ ਗਿਆ ਹੈ।