ਅਮਿਤ ਸ਼ਾਹ ਨੇ ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਲਾਇਆ ਫੋਨ, ਹੜ੍ਹ ਕਾਰਨ ਵਿਗੜੇ ਹਲਾਤਾਂ ਦੀ ਲਈ ਜਾਣਕਾਰੀ

Monday, Jul 15, 2024 - 05:02 PM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਆਸਾਮ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਮੁੱਖ ਮੰਤਰੀਆਂ ਨਾਲ ਫੋਨ 'ਤੇ ਗੱਲ ਕੀਤੀ ਅਤੇ ਤਿੰਨਾਂ ਸੂਬਿਆਂ 'ਚ ਹੜ੍ਹ ਅਤੇ ਮੋਹਲੇਧਾਰ ਮੀਂਹ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਨਾਲ ਹੀ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸੂਤਰਾਂ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨਾਲ ਟੈਲੀਫੋਨ 'ਤੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਸੂਬੇ ਵਿਚ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਲਈ। ਸ਼ਰਮਾ ਨੇ ਮੌਜੂਦਾ ਸਥਿਤੀ ਅਤੇ ਹੁਣ ਤੱਕ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਫ਼ੋਨ 'ਤੇ ਗੱਲ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਦੋਵਾਂ ਸੂਬਿਆਂ 'ਚ ਮੋਹਲੇਧਾਰ ਮੀਂਹ ਤੋਂ ਬਾਅਦ ਨਦੀਆਂ 'ਚ ਪਾਣੀ ਦਾ ਪੱਧਰ ਵਧਣ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਸ਼ਾਹ ਨੇ ਤਿੰਨਾਂ ਮੁੱਖ ਮੰਤਰੀਆਂ ਨੂੰ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਤੋਂ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।

ਸੈਂਕੜੇ ਜਾਨਾਂ ਗਈਆਂ ਹਨ

ਤੁਹਾਨੂੰ ਦੱਸ ਦੇਈਏ ਕਿ ਅਸਾਮ ਵਿਚ ਹੜ੍ਹ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ 'ਚ ਹੁਣ ਤੱਕ 109 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਛਾਰ, ਚਿਰਾਂਗ, ਦਰਾਂਗ, ਧੇਮਾਜੀ, ਧੂਬਰੀ, ਡਿਬਰੂਗੜ੍ਹ, ਗੋਲਪਾੜਾ, ਗੋਲਾਘਾਟ, ਜੋਰਹਾਟ, ਕਾਮਰੂਪ, ਕਾਮਰੂਪ ਮਹਾਨਗਰ, ਕਰੀਮਗੰਜ, ਮਾਜੁਲੀ, ਮੋਰੀਗਾਂਵ, ਨਗਾਓਂ, ਨਲਬਾੜੀ ਅਤੇ ਸ਼ਿਵਸਾਗਰ ਜ਼ਿਲ੍ਹਿਆਂ ਵਿਚ 5,97,600 ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ।  ਉੱਤਰ ਪ੍ਰਦੇਸ਼ ਦੇ 22 ਜ਼ਿਲ੍ਹਿਆਂ ਦੇ ਲਗਭਗ 1,500 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ।
 


Tanu

Content Editor

Related News