ਆਸਮਾਨ ਛੂਹਣ ਵਾਲਾ ਬਣੇਗਾ ਰਾਮ ਮੰਦਰ, ਰਸਤਾ ਹੋਇਆ ਸਾਫ਼ : ਅਮਿਤ ਸ਼ਾਹ

11/21/2019 2:55:44 PM

ਮਨਿਕਾ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਇੱਥੇ ਕਿਹਾ ਕਿ ਰਾਮ ਮੰਦਰ 'ਤੇ ਸੁਪਰੀਮ ਕੋਰਟ ਦੇ ਹਾਲੀਆ ਫੈਸਲੇ ਨਾਲ ਅਯੁੱਧਿਆ 'ਚ ਮੰਦਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ ਅਤੇ ਉਨ੍ਹਾਂ ਦੀ ਸਰਕਾਰ ਉੱਥੇ ਗਗਨਚੁੰਬੀ ਰਾਮ ਮੰਦਰ ਬਣਾਉਣ ਦਾ ਮਾਰਗ ਸਾਫ਼ ਕਰੇਗੀ। ਝਾਰਖੰਡ ਵਿਧਾਨ ਸਭਾ ਚੋਣਾਂ ਲਈ ਇੱਥੇ ਭਾਜਪਾ ਉਮੀਦਵਾਰਾਂ ਦੇ ਪੱਖ 'ਚ ਚੋਣਾਵੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਇਹ ਗੱਲ ਕਹੀ। ਸ਼ਾਹ ਨੇ ਕਿਹਾ,''ਭਾਜਪਾ ਸੰਵਿਧਾਨਕ ਤਰੀਕੇ ਨਾਲ ਅਯੁੱਧਿਆ 'ਚ ਰਾਮ ਮੰਦਰ ਵਿਵਾਦ ਸੁਲਝਾਉਣਾ ਚਾਹੁੰਦੀ ਸੀ ਅਤੇ ਹੁਣ ਇਸ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹੈ, ਜਿਸ ਨਾਲ ਗਗਨਚੁੰਬੀ ਰਾਮ ਮੰਦਰ ਦੇ ਨਿਰਮਾਣ ਦਾ ਰਸਤਾ ਸਾਫ਼ ਹੋ ਗਿਆ ਹੈ।''

ਉਨ੍ਹਾਂ ਨੇ ਜਨ ਸਮੂਹ ਤੋਂ ਸਵਾਲ ਕੀਤਾ ਕਿ ਕੀ ਉਹ ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਚਾਹੁੰਦੇ ਹਨ, ਜਿਸ 'ਤੇ ਭੀੜ ਨੇ ਜ਼ੋਰਦਾਰ ਢੰਗ ਨਾਲ ਮੰਦਰ ਨਿਰਮਾਣ ਦੀ ਗੱਲ ਦਾ ਸਵਾਗਤ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਕਸ਼ਮੀਰ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਨੇ ਕਿਹਾ,''ਕਸ਼ਮੀਰ ਸਮੱਸਿਆ ਦਾ ਨਿਦਾਨ ਨਰਿੰਦਰ ਮੋਦੀ ਸਰਕਾਰ ਨੇ ਹੀ ਕੀਤਾ। 70 ਸਾਲਾਂ ਤੋਂ ਇਹ ਮਾਮਲਾ ਪੈਂਡਿੰਗ ਹੈ ਪਰ ਸਾਡੀ ਸਰਕਾਰ ਨੇ ਧਾਰਾ-370 ਹਟਾ ਕੇ ਉੱਥੇ ਵਿਕਾਸ ਦਾ ਰਸਤਾ ਖੋਲ੍ਹ ਦਿੱਤਾ ਅਤੇ ਅੱਤਵਾਦੀਆਂ ਦੇ ਪ੍ਰਵੇਸ਼ ਦਾ ਦੁਆਰ ਬੰਦ ਕਰ ਦਿੱਤਾ।'' ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਸਵਾਲ ਕੀਤਾ,''ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਇਹ ਦੱਸਣ ਕਿ ਆਜ਼ਾਦੀ ਤੋਂ ਬਾਅਦ 70 ਸਾਲਾਂ 'ਚ ਕਾਂਗਰਸ ਨੇ ਆਦਿਵਾਸੀਆਂ ਲਈ ਕੀ ਕੰਮ ਕੀਤੇ?''


DIsha

Edited By DIsha