ਬੇਂਗਲੁਰੂ ’ਚ ਅਮਿਤ ਸ਼ਾਹ ਦੀ ਸੁਰੱਖਿਆ ’ਚ ਖੁੰਝ, 2 ਵਿਦਿਆਰਥੀ ਹਿਰਾਸਤ ’ਚ

03/28/2023 11:15:22 AM

ਬੇਂਗਲੁਰੂ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਂਗਲੁਰੂ ਦੌਰੇ ਦੌਰਾਨ ਸੁਰੱਖਿਆ ਕਾਰਨਾਂ ਕਰ ਕੇ ਮੋਟਰਸਾਈਕਲ ਸਵਾਰ ਉਨ੍ਹਾਂ 2 ਵਿਦਿਆਰਥੀਆਂ ਨੂੰ ਹਿਰਾਸਤ ’ਚ ਲਿਆ ਗਿਆ, ਜੋ ਸ਼ਾਹ ਦੇ ਕਾਫਲੇ ਦੇ ਲੰਘਦੇ ਸਮੇਂ ਇਸ ਦੇ ਰਸਤੇ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਪੁਲਸ ਦੇ ਡਿਪਟੀ ਕਮਿਸ਼ਨਰ ਡਾ. ਭੀਮਾਸ਼ੰਕਰ ਗੁਲੇਦ ਨੇ ਕਿਹਾ ਕਿ ਜਦੋਂ ਸ਼ਾਹ ਦਾ ਕਾਫਲਾ ਰਾਤ ਲਗਭਗ 10 ਵੱਜ ਕੇ 45 ਮਿੰਟ ’ਤੇ ਕੱਬਨ ਰੋਡ ਤੋਂ ਲੰਘ ਰਿਹਾ ਸੀ, ਤਾਂ 2 ਵਿਦਿਆਰਥੀ ਸਫੀਨਾ ਪਲਾਜ਼ਾ ਵਾਲੇ ਮੋੜ ਤੋਂ ਰਸਤੇ ’ਚ ਦਾਖਲ ਹੋ ਗਏ।

ਉਨ੍ਹਾਂ ਕਿਹਾ ਕਿ ਜਦੋਂ ਇਕ ਪੁਲਸ ਕਾਂਸਟੇਬਲ ਨੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦੋਪਹੀਆ ਵਾਹਨ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਰਾਰ ਹੋ ਗਏ। ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ’ਚੋਂ ਇਕ ਨੂੰ ਫੜ ਲਿਆ। ਹਾਲਾਂਕਿ, ਦੂਜਾ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ’ਚ ਪੁਲਸ ਨੇ ਹਿਰਾਸਤ ’ਚ ਲਏ ਗਏ ਨੌਜਵਾਨ ਤੋਂ ਪੁੱਛਗਿਛ ਦੇ ਆਧਾਰ ’ਤੇ ਦੂਜੇ ਨੂੰ ਵੀ ਫੜ ਲਿਆ।

ਡੀ. ਸੀ. ਪੀ. ਨੇ ਕਿਹਾ ਕਿ ਹਾਂ, ਇਕ ਤਰ੍ਹਾਂ ਨਾਲ ਇਹ ਸੁਰੱਖਿਆ ’ਚ ਖੁੰਝ ਸੀ ਪਰ ਇਨ੍ਹਾਂ ਲੋਕਾਂ ਨੂੰ ਵੀ. ਵੀ. ਆਈ. ਪੀ. ਦੇ ਲੰਘਣ ਦੀ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਸਾਡੇ ਪੁਲਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਦਿੱਤਾ। ਇਸ ਲਈ, ਅਸੀਂ ਉਨ੍ਹਾਂ ਖਿਲਾਫ ਉਚਿਤ ਕਾਰਵਾਈ ਕਰ ਰਹੇ ਹਾਂ।


Rakesh

Content Editor

Related News