ਸਰਹੱਦੀ ਸੁਰੱਖਿਆ ਲਈ ਡਰੋਨ ਰੋਕੂ ਇਕਾਈ ਬਣਾਈ ਜਾਏਗੀ : ਸ਼ਾਹ
Monday, Dec 09, 2024 - 12:57 AM (IST)
ਜੋਧਪੁਰ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਛੇਤੀ ਹੀ ਇਕ ਵੱਡੀ ਡਰੋਨ ਰੋਕੂ ਇਕਾਈ ਬਣਾਏਗਾ ਕਿਉਂਕਿ ਆਉਣ ਵਾਲੇ ਦਿਨਾਂ ’ਚ ਅਜਿਹਾ ‘ਖ਼ਤਰਾ’ ਗੰਭੀਰ ਹੋਣ ਵਾਲਾ ਹੈ।
ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 300 ਕਿਲੋਮੀਟਰ ਦੂਰ ਇਕ ਸਿਖਲਾਈ ਕੈਂਪ ’ਚ ਬੀ. ਐੱਸ. ਐੱਫ. ਦੇ 60ਵੇਂ ਸਥਾਪਨਾ ਦਿਵਸ ’ਤੇ ਆਯੋਜਿਤ ਇਕ ਸਮਾਰੋਹ ’ਚ ਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ‘ਲੇਜ਼ਰ ਨਾਲ ਲੈਸ ਐਂਟੀ ਡਰੋਨ ਗਨ ਮਾਊਂਟਡ’ ਦੇ ਸ਼ੁਰੂਆਤੀ ਨਤੀਜੇ ਪ੍ਰਭਾਵਸ਼ਾਲੀ ਰਹੇ ਹਨ।
ਸ਼ਾਹ ਨੇ ਕਿਹਾ ਕਿ ਇਸ ਨਾਲ ਪੰਜਾਬ ’ਚ ਭਾਰਤ-ਪਾਕਿਸਤਾਨ ਸਰਹੱਦ ਤੇ ਡਰੋਨ ਨੂੰ ਨਕਾਰਾ ਕਰਨ ਅਤੇ ਲੱਭਣ ਦੀ ਸਮਰੱਥਾ 3 ਤੋਂ 55 ਫੀਸਦੀ ਤੱਕ ਵਧ ਗਈ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਡਰੋਨ ਦਾ ਖ਼ਤਰਾ ਹੋਰ ਵੀ ਗੰਭੀਰ ਹੋਣ ਵਾਲਾ ਹੈ। ਅਸੀਂ ਰੱਖਿਆ ਖੋਜ ਤੇ ਵਿਕਾਸ ਸੰਗਠਨ ਨਾਲ ਮਿਲ ਕੇ ਪੂਰੇ ਭਾਰਤ ਵਿੱਚ ਪਹੁੰਚ ਕਰਾਂਗੇ।
ਇਸ ਸਾਲ ਭਾਰਤੀ ਸਰਹੱਦ ’ਤੇ 260 ਤੋਂ ਵੱਧ ਡਰੋਨ ਡੇਗੇ ਗਏ
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਧਿਕਾਰਤ ਅੰਕੜਿਆਂ ਅਨੁਸਾਰ ਇਸ ਸਾਲ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ’ਤੇ 260 ਤੋਂ ਵੱਧ ਡਰੋਨ ਡੇਗੇ ਜਾਂ ਬਰਾਮਦ ਕੀਤੇ ਗਏ ਹਨ, ਜਦੋਂ ਕਿ 2023 ’ਚ ਇਹ ਅੰਕੜਾ 110 ਸੀ। ਹਥਿਆਰਾਂ ਅਤੇ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਲਈ ਵਰਤੇ ਗਏ ਡਰੋਨਾਂ ਨੂੰ ਪੰਜਾਬ, ਰਾਜਸਥਾਨ ਤੇ ਜੰਮੂ ’ਚ ਡੇਗਿਅਾ ਗਿਆ ਜਾਂ ਬਰਾਮਦ ਕੀਤਾ ਗਿਆ। ਸ਼ਾਹ ਨੇ ਇਸ ਮੌਕੇ ਪਰੇਡ ਦਾ ਨਿਰੀਖਣ ਕੀਤਾ, ਸਲਾਮੀ ਲਈ ਅਤੇ ਜੇਤੂਆਂ ਨੂੰ ਮੈਡਲ ਪ੍ਰਦਾਨ ਕੀਤੇ।
ਸਰਹੱਦਾਂ ’ਤੇ ਏਕੀਕ੍ਰਿਤ ਬਾਰਡਰ ਮੈਨੇਜਮੈਂਟ ਸਿਸਟਮ ਸਬੰਧੀ ਚੱਲ ਰਿਹਾ ਹੈ ਕੰਮ
ਸ਼ਾਹ ਨੇ ਕਿਹਾ ਕਿ ਪਾਕਿਸਤਾਨ (2,289 ਕਿ. ਮੀ.) ਤੇ ਬੰਗਲਾਦੇਸ਼ (4,096 ਕਿ.ਮੀ.) ਨਾਲ ਭਾਰਤ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੇ ਗਏ ਏਕੀਕ੍ਰਿਤ ਬਾਰਡਰ ਮੈਨੇਜਮੈਂਟ ਸਿਸਟਮ ’ਤੇ ਕੰਮ ਜਾਰੀ ਹੈ।
ਉਨ੍ਹਾਂ ਕਿਹਾ ਕਿ 'ਸਾਨੂੰ ਆਸਾਮ ’ਚ ਧੁਬਰੀ (ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ) ’ਚ ਦਰਿਆ ਦੀ ਸਰਹੱਦ ’ਤੇ ਸਥਾਪਤ ਸੀ. ਆਈ. ਬੀ. ਐੱਮ. ਐੱਸ. ਦੇ ਪ੍ਰਭਾਵਸ਼ਾਲੀ ਨਤੀਜੇ ਵੇਖਣ ਨੂੰ ਮਿਲ ਰਹੇ ਹਨ ਪਰ ਕੁਝ ਸੁਧਾਰਾਂ ਦੀ ਅਜੇ ਵੀ ਲੋੜ ਹੈ।
ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਉੱਤਰੀ ਸਰਹੱਦਾਂ ’ਤੇ ਵਸਦੀ ਆਬਾਦੀ ਦੇ ਵਿਕਾਸ ਅਤੇ ਉਨ੍ਹਾਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਮੋਦੀ ਸਰਕਾਰ ਦਾ ‘ਵਾਈਬ੍ਰੈਂਟ ਵਿਲੇਜ ਪ੍ਰੋਗਰਾਮ’ ਦੇਸ਼ ਦੇ ਸਾਰੇ ਸਰਹੱਦੀ ਪਿੰਡਾਂ ’ਚ ਲਾਗੂ ਕੀਤਾ ਜਾਵੇਗਾ। 48,000 ਕਰੋੜ ਰੁਪਏ ਦੇ ਫੰਡ ਅਲਾਟ ਕਰ ਕੇ ਸਰਹੱਦੀ ਸੁਰੱਖਿਆ ਨੂੰ ਵਧਾਉਣਾ ਤੇ ਇਨ੍ਹਾਂ ਦੂਰ-ਦੁਰਾਡੇ ਦੇ ਇਲਾਕਿਆਂ ’ਚ ਰਹਿਣ ਵਾਲੀ ਆਬਾਦੀ ਲਈ ਕੰਮ ਕਰਨਾ ਮੋਦੀ ਸਰਕਾਰ ਦੀ 'ਸਭ ਤੋਂ ਵੱਡੀ ਪ੍ਰਾਪਤੀ' ਹੈ।
ਸ਼ਾਹ ਨੇ ਕਿਹਾ ਕਿ ਇਸ ਪਹਿਲਕਦਮੀ ਅਧੀਨ ਲਗਭਗ 3,000 ਪਿੰਡਾਂ ’ਚ ‘ਪਾਇਲਟ ਆਧਾਰ’ ’ਤੇ ਕੰਮ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਭਾਰਤ ਦੀਆਂ ਸਰਹੱਦਾਂ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਬਜਟ ਮਨਜ਼ੂਰ ਕੀਤਾ ਹੈ ਜਿਸ ਅਧੀਨ ਕੰਡਿਆਲੀ ਤਾਰ, ਸਰਹੱਦੀ ਬੁਨਿਆਦੀ ਢਾਂਚਾ, ਸੜਕਾਂ ਅਤੇ ਹੋਰ ਕੰਮ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ 'ਸੁਰੱਖਿਆ ਫੋਰਸਾਂ ਤੋਂ ਬਿਨਾਂ ਭਾਰਤ ਦਾ 2047 ਤੱਕ ਨੰਬਰ ਇਕ ਦੇਸ਼ ਬਣਨਾ ਸੰਭਵ ਨਹੀਂ ਹੈ। ਜਵਾਨ ਸਮਰਪਤ ਭਾਵਨਾ ਨਾਲ ਸਰਹੱਦਾਂ ਦੀ ਰਾਖੀ ਕਰਦੇ ਹਨ।
ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਦੱਸਿਆ ਕਿ 13,226 ਨਵੇਂ ਸਿੱਖਿਅਤ ਸਿਪਾਹੀਆਂ ਨੂੰ ਵੱਖ-ਵੱਖ ਬਟਾਲੀਅਨਾਂ ’ਚ ਤਾਇਨਾਤ ਕੀਤਾ ਗਿਆ ਹੈ । ਇਸ ਨਾਲ ਫੋਰਸ ਦੀ 'ਆਪਰੇਸ਼ਨਲ ਤਾਕਤ' ਵਿੱਚ ਵਾਧਾ ਹੋਵੇਗਾ।
ਉਨ੍ਹਾਂ ਕਿਹਾ ਕਿ ਨਵੇਂ ਭਰਤੀ ਕੀਤੇ ਗਏ 4,000 ਹੋਰ ਸਿਪਾਹੀ ਸਿਖਲਾਈ ਲੈ ਰਹੇ ਹਨ, ਜਦੋਂ ਕਿ ਲਗਭਗ 12,000 ਜਵਾਨ ਅਗਲੇ ਮਹੀਨੇ ਸਰਹੱਦ ’ਤੇ ਤਾਇਨਾਤ ਹੋਣ ਤੋਂ ਪਹਿਲਾਂ ਸੁਰੱਖਿਆ ਤੇ ਲੜਾਈ ਦੇ ਹੁਨਰ ਸਿੱਖਣ ਲਈ ਫੋਰਸ ’ਚ ਸ਼ਾਮਲ ਹੋਣਗੇ। ਇਸ ਸਾਲ ਪੱਛਮੀ ਸਰਹੱਦ ’ਤੇ 250 ਤੋਂ ਵੱਧ ਡਰੋਨਾਂ ਨੂੰ ਰੋਕਿਆ ਗਿਆ ਹੈ।