‘ਅਲ-ਫਲਾਹ’ ਦਾ ਚੇਅਰਮੈਨ ਜਵਾਦ ਸਿੱਦੀਕੀ 13 ਦਿਨ ਲਈ ED ਦੀ ਹਿਰਾਸਤ ’ਚ

Wednesday, Nov 19, 2025 - 08:29 PM (IST)

‘ਅਲ-ਫਲਾਹ’ ਦਾ ਚੇਅਰਮੈਨ ਜਵਾਦ ਸਿੱਦੀਕੀ 13 ਦਿਨ ਲਈ ED ਦੀ ਹਿਰਾਸਤ ’ਚ

ਨਵੀਂ ਦਿੱਲੀ (ਅਨਸ) - ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਸਵੇਰੇ ਅਲ-ਫਲਾਹ ਯੂਨੀਵਰਸਿਟੀ ਦੇ ਸੰਸਥਾਪਕ ਜਵਾਦ ਅਹਿਮਦ ਸਿੱਦੀਕੀ ਨੂੰ 13 ਦਿਨਾਂ ਦੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਹਿਰਾਸਤ ’ਚ ਭੇਜ ਦਿੱਤਾ। ਅੱਤਵਾਦ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਮੰਗਲਵਾਰ ਸ਼ਾਮ ਗ੍ਰਿਫ਼ਤਾਰ ਕੀਤੇ ਗਏ ਸਿੱਦੀਕੀ ਨੂੰ ਅੱਧੀ ਰਾਤ ਦੇ ਕਰੀਬ ਵਧੀਕ ਸੈਸ਼ਨ ਜੱਜ ਸ਼ੀਤਲ ਚੌਧਰੀ ਦੇ ਸਾਹਮਣੇ ਉਨ੍ਹਾਂ ਦੇ ਨਿਵਾਸ ਵਿਖੇ ਪੇਸ਼ ਕੀਤਾ ਗਿਆ।ਕਾਰਵਾਈ ਅੱਧੀ ਰਾਤ ਇਕ ਵਜੇ ਤੱਕ ਜਾਰੀ ਰਹੀ।

ਈ. ਡੀ. ਨੇ ਦੋਸ਼ ਲਾਇਆ ਕਿ ਅਲ-ਫਲਾਹ ਯੂਨੀਵਰਸਿਟੀ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਹੋਣ ਦਾ ਝੂਠਾ ਦਾਅਵਾ ਕੀਤਾ ਤੇ ਆਪਣੀ ਰਾਸ਼ਟਰੀ ਮੁਲਾਂਕਣ ਤੇ ਮਾਨਤਾ ਵਾਲੀ ਸਥਿਤੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ।

ਈ. ਡੀ. ਨੇ ਅਦਾਲਤ ਨੂੰ ਦੱਸਿਆ ਕਿ ਸਿੱਦੀਕੀ ਦੇ ਭਾਰਤ ਤੋਂ ਭੱਜਣ ਦੇ ਕਈ ਕਾਰਨ ਸਨ ਕਿਉਂਕਿ ਉਸ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਖਾੜੀ ਦੇ ਦੇਸ਼ਾਂ ’ਚ ਰਹਿੰਦੇ ਹਨ। ਈ. ਡੀ. ਨੇ ਅਦਾਲਤ ਨੂੰ ਦੱਸਿਆ ਕਿ ਸਿੱਦੀਕੀ ਨੇ ਆਪਣੇ ਟਰੱਸਟ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਰਾਹੀਂ ਘੱਟੋ-ਘੱਟ 415 ਕਰੋੜ ਰੁਪਏ ਕਮਾਏ।

ਦਿੱਲੀ ਧਮਾਕੇ ਦੀ ਜਾਂਚ ਦੌਰਾਨ ਕਾਨਪੁਰ ’ਚ ਸ਼ੱਕੀ ਕਾਰ ਮਿਲੀ
ਦਿੱਲੀ ਧਮਾਕਾ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ਨੇ ਉੱਤਰ ਪ੍ਰਦੇਸ਼ ’ਚ ਕਾਨਪੁਰ ਦੇ ਹਿਤਕਾਰੀ ਨਗਰ ਤੋਂ ਹਰਿਆਣਾ ’ਚ ਰਜਿਸਟਰਡ ਇਕ ਸ਼ੱਕੀ ਕਾਰ ਬਰਾਮਦ ਕੀਤੀ ਹੈ। ਅਧਿਕਾਰੀ ਕਾਰ ਦੀ ਮਾਲਕੀ ਦੀ ਜਾਂਚ ਕਰ ਰਹੇ ਹਨ। ਇਸ ਮਾਮਲੇ ’ਚ ਗ੍ਰਿਫ਼ਤਾਰ ਡਾ. ਸ਼ਾਹੀਨ ਸਈਦ ਧਮਾਕੇ ਤੋਂ ਲਗਭਗ 25 ਦਿਨ ਪਹਿਲਾਂ ਕਾਨਪੁਰ ਗਿਆ ਸੀ।

ਪੁੱਛਗਿੱਛ ਦੌਰਾਨ ਡਾ. ਸ਼ਾਹੀਨ ਤੇ ਉਸ ਦੇ ਸਾਥੀ ਮੁਜ਼ਮਿਲ ਨੇ ਕਥਿਤ ਤੌਰ ’ਤੇ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਦੀ ਇਕ ਲੈਬਾਰਟਰੀ ਤੋਂ ਬੰਬ ਬਣਾਉਣ ਲਈ ਰਸਾਇਣ ਚੋਰੀ ਕਰਨ ਦੀ ਗੱਲ ਮੰਨੀ ਸੀ।


author

Inder Prajapati

Content Editor

Related News