''ਘੁਸਪੈਠੀਆਂ ਨੂੰ ਚੁਣ-ਚੁਣ ਕੇ ਦੇਸ਼ ’ਚੋਂ ਬਾਹਰ ਕੱਢਾਂਗੇ'', SIR ’ਤੇ ਅਮਿਤ ਸ਼ਾਹ ਦਾ ਵੱਡਾ ਬਿਆਨ

Thursday, Nov 05, 2026 - 09:27 PM (IST)

''ਘੁਸਪੈਠੀਆਂ ਨੂੰ ਚੁਣ-ਚੁਣ ਕੇ ਦੇਸ਼ ’ਚੋਂ ਬਾਹਰ ਕੱਢਾਂਗੇ'', SIR ’ਤੇ ਅਮਿਤ ਸ਼ਾਹ ਦਾ ਵੱਡਾ ਬਿਆਨ

ਕਰਨਾਲ/ਅੰਬਾਲਾ,  (ਦੀਪਕ ਕੰਬੋਜ, ਬਲਰਾਮ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਸੰਸਦ ’ਚ ਹੰਗਾਮਾ ਕਰਨ ਨੂੰ ਕਾਂਗਰਸ ਦਾ ‘ਕਲਚਰ’ ਬਣਾ ਦਿੱਤਾ ਹੈ। ਸੰਸਦ ਲੋਕਤੰਤਰ ਦਾ ਸਭ ਤੋਂ ਵੱਡਾ ਮੰਚ ਹੈ, ਜਿੱਥੇ ਹੰਗਾਮੇ ਦੀ ਬਜਾਏ ਜਨਤਾ ਨਾਲ ਜੁੜੇ ਮੁੱਦਿਆਂ ’ਤੇ ਬਹਿਸ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰ ਮੰਚ ’ਤੇ ਕਾਂਗਰਸ ਨੂੰ ਲੋਕਤੰਤਰੀ ਤਰੀਕੇ ਨਾਲ ਜਵਾਬ ਦੇਣ ਲਈ ਤਿਆਰ ਹੈ। ਵਿਰੋਧੀ ਧਿਰ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ ਪਰ ਸੰਸਦ ਦੀ ਕਾਰਵਾਈ ’ਚ ਰੁਕਾਵਟ ਪਾਉਣਾ ਅਤੇ ਚਰਚਾ ਤੋਂ ਬਚਣਾ ਉਚਿਤ ਨਹੀਂ ਹੈ। ਭਾਜਪਾ ਸੰਸਦ ਤੋਂ ਲੈ ਕੇ ਵਿਧਾਨ ਸਭਾ ਅਤੇ ਪਿੰਡਾਂ ਤੱਕ ਹਰ ਮੰਚ ’ਤੇ ਕਾਂਗਰਸ ਦੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੈ।

ਐੱਸ. ਆਈ. ਆਰ. ਨੂੰ ਲੈ ਕੇ ਸ਼ਾਹ ਨੇ ਕਿਹਾ ਕਿ ਭਾਜਪਾ ਦਾ ਸੰਕਲਪ ਘੁਸਪੈਠੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਨਾਂ ਵੋਟਰ ਸੂਚੀ ’ਚੋਂ ਹਟਵਾਉਣਾ ਹੈ। ਉਨ੍ਹਾਂ ਕਿਹਾ ਕਿ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ’ਤੇ ਅਜਿਹੇ ਲੋਕਾਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਾਇਆ। ਸ਼ਾਹ ਨੇ ਐੱਸ. ਆਈ. ਆਰ. ਦੇ ਮੁੱਦੇ ’ਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਚਰਚਾ ਕਰਵਾਉਣ ਦੀ ਮੰਗ ਵੀ ਦੁਹਰਾਈ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਸ ਨੂੰ ਇਸ ਪ੍ਰਕਿਰਿਆ ’ਤੇ ਕੋਈ ਇਤਰਾਜ਼ ਹੈ ਤਾਂ ਉਹ ਸੰਸਦ ’ਚ ਆਵੇ ਅਤੇ ਖੁੱਲ੍ਹ ਕੇ ਆਪਣੀ ਗੱਲ ਰੱਖੇ। ਸਰਕਾਰ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ। ਸ਼ਾਹ ਕਰਨਾਲ ’ਚ ਭਾਜਪਾ ਵੱਲੋਂ ਆਯੋਜਿਤ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਪਦ ਯਾਤਰਾ ’ਚ ਸ਼ਾਮਲ ਹੋਣ ਪਹੁੰਚੇ ਸਨ।

ਅੰਬਾਲਾ ’ਚ 1857 ਦੇ ਪਹਿਲੇ ਆਜ਼ਾਦੀ ਘੋਲ ਦੇ ਸ਼ਹੀਦਾਂ ਦੀ ਯਾਦ ’ਚ ਬਣੀ ਯਾਦਗਾਰ ਦਾ ਕੀਤਾ ਉਦਘਾਟਨ
ਅਮਿਤ ਸ਼ਾਹ ਨੇ 1857 ਦੇ ਪਹਿਲੇ ਆਜ਼ਾਦੀ ਘੋਲ ’ਚ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਵੀਰ ਸਪੂਤਾਂ ਦੀ ਯਾਦ ’ਚ ਅੰਬਾਲਾ ਛਾਉਣੀ ’ਚ ਬਣਾਈ ਗਈ ਯਾਦਗਾਰ ਦਾ ਉਦਘਾਟਨ ਕੀਤਾ। ਇਸ ਯਾਦਗਾਰ ਦਾ ਨਾਂ ‘ਆਜ਼ਾਦੀ ਕੀ ਪਹਿਲੀ ਲੜਾਈ ਕਾ ਸ਼ਹੀਦ ਸਮਾਰਕ’ ਰੱਖਿਆ ਗਿਆ ਹੈ, ਜੋ 22 ਏਕੜ ’ਚ ਫੈਲੀ ਹੋਈ ਹੈ। ਇਸ ’ਚ 22 ਗੈਲਰੀਆਂ ਰਾਹੀਂ 1857 ਦੀ ਕ੍ਰਾਂਤੀ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਸ਼ਾਹ ਨੇ 1260 ਕਰੋੜ ਰੁਪਏ ਦੀ ਲਾਗਤ ਨਾਲ ਬਣੇ 23 ਕਿਲੋਮੀਟਰ ਲੰਬੇ ਜਲਬੇਹੜਾ-ਸ਼ਾਹਾਬਾਦ (ਰਾਸ਼ਟਰੀ ਰਾਜਮਾਰਗ-152ਜੀ) ਪ੍ਰਾਜੈਕਟ ਦਾ ਵੀ ਉਦਘਾਟਨ ਕੀਤਾ। ਸ਼ਾਹ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਉਸ ਪਵਿੱਤਰ ਧਰਤੀ ਨੂੰ ਵਾਰ-ਵਾਰ ਸਿਰ ਝੁਕਾਉਂਦਾ ਹਾਂ, ਜਿੱਥੇ 10 ਮਈ ਨੂੰ 1857 ਦਾ ਆਜ਼ਾਦੀ ਘੋਲ ਸ਼ੁਰੂ ਹੋਇਆ ਸੀ। ਇਸ ਘਟਨਾ ਨੇ ਬ੍ਰਿਟਿਸ਼ ਸਾਮਰਾਜ ਦੀ ਨੀਂਹ ਹਿਲਾ ਦਿੱਤੀ ਸੀ।


author

Shubam Kumar

Content Editor

Related News