ਭਗੌੜੇ ਅਪਰਾਧੀਆਂ ਦੀ ਹੁਣ ਖੈਰ ਨਹੀਂ! ਲਾਂਚ ਹੋਇਆ ''ਭਾਰਤਪੋਲ'' ਪੋਰਟਲ
Tuesday, Jan 07, 2025 - 12:45 PM (IST)
ਨਵੀਂ ਦਿੱਲੀ- ਭਾਰਤ ਸਰਕਾਰ ਵਿਦੇਸ਼ਾਂ ਵਿਚ ਲੁੱਕੇ ਵਾਂਟੇਡ ਅਪਰਾਧੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਸਖ਼ਤ ਹੈ। ਪੁਲਸ ਵੀ ਇਨ੍ਹਾਂ ਅਪਰਾਧੀਆਂ ਨੂੰ ਫੜਨ ਲਈ ਸੰਭਵ ਕੋਸ਼ਿਸ਼ਾਂ 'ਚ ਲੱਗੀ ਰਹਿੰਦੀ ਹੈ। ਜੋ ਅਪਰਾਧੀ ਦੇਸ਼ ਛੱਡ ਕੇ ਵਿਦੇਸ਼ ਦੌੜ ਜਾਂਦੇ ਹਨ, ਉਨ੍ਹਾਂ ਨੂੰ ਵਾਪਸ ਲਿਆਉਣਾ ਆਸਾਨ ਨਹੀਂ ਹੁੰਦਾ। ਉਨ੍ਹਾਂ ਨੂੰ ਵਾਪਸ ਲਿਆਉਣ ਲਈ ਬਹੁਤ ਹੀ ਪਾਪੜ ਵੇਲਣੇ ਪੈਂਦੇ ਹਨ। ਇਹ ਵੱਡੀ ਚੁਣੌਤੀ ਹੈ। ਫਿਲਹਾਲ ਕੇਂਦਰੀ ਏਜੰਸੀਆਂ ਨੂੰ ਇਸ ਲਈ ਇੰਟਰਪੋਲ ਦੀ ਮਦਦ ਲੈਣੀ ਪੈਂਦੀ ਹੈ। ਹੁਣ ਭਾਰਤਪੋਲ ਪੋਰਟਲ ਇਸ ਕੰਮ ਨੂੰ ਆਸਾਨ ਕਰ ਦੇਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੌਮਾਂਤਰੀ ਪੁਲਸ ਸਹਾਇਤਾ ਲਈ ਸੀ. ਬੀ. ਆਈ ਦਾ ਭਾਰਤਪੋਲ ਪੋਰਟਲ ਲਾਂਚ ਕੀਤਾ।
ਕੀ ਹੈ ਭਾਰਤਪੋਲ ਪੋਰਟਲ?
ਭਾਰਤਪੋਲ ਇਕ ਕਾਮਨ ਪੋਰਟਲ ਹੈ, ਜਿਸ ਨੂੰ CBI ਨੇ ਇੰਟਰਪੋਲ ਦੀ ਤਰਜ਼ 'ਤੇ ਤਿਆਰ ਕੀਤਾ ਹੈ। ਇਸ ਪੋਰਟਲ ਵਿਚ ਸਾਰੀਆਂ ਜਾਂਚ ਏਜੰਸੀਆਂ ਜਿਵੇਂ ਕਿ CBI, ED,NIA ਅਤੇ ਸਾਰੇ ਸੂਬਿਆਂ ਦੀ ਪੁਲਸ ਸ਼ਾਮਲ ਹੋਵੇਗੀ। ਇੰਟਰਪੋਲ ਦੀ ਤਰਜ਼ 'ਤੇ CBI, ED,NIA ਅਤੇ ਸਾਰੇ ਸੂਬਿਆਂ ਦੀ ਪੁਲਸ ਸਮੇਤ ਸਾਰੀਆਂ ਏਜੰਸੀਆਂ ਨੂੰ ਇਕ ਸਾਂਝੇ ਪੋਰਟਲ ਰਾਹੀਂ ਜੋੜਿਆ ਜਾਵੇਗਾ। ਇਸ ਪੋਰਟਲ ਰਾਹੀਂ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਘਟਨਾ, ਗੰਭੀਰ ਅਪਰਾਧ, ਨਾਰਕੋ, ਸਾਈਬਰ ਅਪਰਾਧ ਲਈ ਲੋੜੀਂਦੇ ਅਪਰਾਧੀਆਂ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ।
ਭਾਰਤਪੋਲ ਕਿਉਂ ਬਣਾਈ ਗਈ?
ਕੇਂਦਰ ਸਰਕਾਰ ਭਗੌੜੇ ਅਪਰਾਧੀਆਂ ਦੀ ਦੇਸ਼ 'ਚ ਆਸਾਨੀ ਨਾਲ ਵਾਪਸੀ ਲਈ ਭਾਰਤਪੋਲ ਵਰਗਾ ਵੱਡਾ ਕਦਮ ਚੁੱਕ ਰਹੀ ਹੈ।
ਇਹ ਪੋਰਟਲ ਸੀ. ਬੀ. ਆਈ ਦੇ ਅਧੀਨ ਕੰਮ ਕਰੇਗਾ।
ਸਾਰੇ ਸੂਬਿਆਂ ਦੀ ਪੁਲਸ ਇਸ ਪੋਰਟਲ ਰਾਹੀਂ ਸਿੱਧੇ ਤੌਰ 'ਤੇ ਇੰਟਰਪੋਲ ਤੋਂ ਮਦਦ ਲੈ ਸਕੇਗੀ।
ਇਸ ਪੋਰਟਲ ਰਾਹੀਂ ਸਾਈਬਰ ਕ੍ਰਾਈਮ ਸਮੇਤ ਹੋਰ ਅਪਰਾਧਿਕ ਮਾਮਲਿਆਂ ਦੀ ਜਾਂਚ 'ਚ ਤੇਜ਼ੀ ਲਿਆਂਦੀ ਜਾਵੇਗੀ।
ਇਸ ਪੋਰਟਲ ਰਾਹੀਂ ਅਪਰਾਧੀਆਂ ਬਾਰੇ ਅਸਲ ਸਮੇਂ ਦੀ ਜਾਣਕਾਰੀ ਆਸਾਨੀ ਨਾਲ ਇਕੱਠੀ ਕੀਤੀ ਜਾ ਸਕਦੀ ਹੈ।
ਏਜੰਸੀਆਂ ਅਤੇ ਪੁਲਸ ਵਿਚਕਾਰ ਤਾਲਮੇਲ ਹੋਵੇਗਾ ਆਸਾਨ
ਹੁਣ ਤੱਕ ਜੇਕਰ ਕਿਸੇ ਏਜੰਸੀ ਨੂੰ ਵਿਦੇਸ਼ਾਂ ਤੋਂ ਲੋੜੀਂਦੇ ਅਪਰਾਧੀ ਨੂੰ ਭਾਰਤ ਵਾਪਸ ਲਿਆਉਣਾ ਹੁੰਦਾ ਹੈ, ਤਾਂ ਉਹ ਏਜੰਸੀ ਹਵਾਲਗੀ ਲਈ ਮੇਲ ਜਾਂ ਪੱਤਰ ਰਾਹੀਂ ਸੀ. ਬੀ. ਆਈ ਨਾਲ ਸੰਪਰਕ ਕਰਦੀ ਹੈ। ਅਜਿਹੇ 'ਚ ਖਬਰਾਂ ਦੇ ਲੀਕ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਭਾਰਤਪੋਲ ਦੇ ਜ਼ਰੀਏ ਸੂਬਿਆਂ ਦੀਆਂ ਸਾਰੀਆਂ ਏਜੰਸੀਆਂ ਅਤੇ ਪੁਲਸ ਸਿੱਧੇ ਤੌਰ 'ਤੇ ਇਕ ਦੂਜੇ ਨਾਲ ਜੁੜ ਜਾਣਗੀਆਂ। ਇਸ ਨਾਲ ਤਾਲਮੇਲ ਵਿਚ ਸੁਧਾਰ ਹੋਵੇਗਾ।
ਵਿਦੇਸ਼ਾਂ 'ਚ ਬੈਠੇ ਅਪਰਾਧੀ ਦੀ ਹੁਣ ਖੈਰ ਨਹੀਂ !
ਪਿਛਲੇ ਕਈ ਸਾਲਾਂ ਤੋਂ ਇਹ ਦੇਖਿਆ ਗਿਆ ਹੈ ਕਿ ਅੱਤਵਾਦੀ ਗਤੀਵਿਧੀ, ਸਾਈਬਰ ਅਪਰਾਧ, ਬੈਂਕ ਧੋਖਾਧੜੀ ਆਦਿ ਵਰਗੇ ਕਿਸੇ ਵੀ ਤਰ੍ਹਾਂ ਦਾ ਅਪਰਾਧ ਕਰਨ ਤੋਂ ਬਾਅਦ ਲੋੜੀਂਦੇ ਅਪਰਾਧੀ ਆਸਾਨੀ ਨਾਲ ਦੇਸ਼ ਛੱਡ ਕੇ ਵਿਦੇਸ਼ ਭੱਜ ਜਾਂਦੇ ਹਨ। ਉਹ ਵਿਦੇਸ਼ ਤੋਂ ਭਾਰਤ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ। ਗੈਂਗਵਾਰ ਇਸ ਦੀ ਤਾਜ਼ਾ ਮਿਸਾਲ ਹੈ। ਗੋਲਡੀ ਬਰਾੜ, ਰੋਹਿਤ ਗੋਦਾਰਾ ਵਰਗੇ ਵੱਡੇ ਗੈਂਗਸਟਰ ਕਦੇ ਕੈਨੇਡਾ ਅਤੇ ਕਦੇ ਅਮਰੀਕਾ 'ਚ ਬੈਠ ਕੇ ਭਾਰਤ ਵਿਚ ਗੈਂਗਵਾਰ ਕਰਵਾਉਂਦੇ ਹਨ। ਇਸ ਮਾਮਲੇ 'ਚ ਖਾਲਿਸਤਾਨੀ ਵੀ ਪਿੱਛੇ ਨਹੀਂ ਹਨ। ਪਰ ਹੁਣ ਪੁਲਸ ਅਤੇ ਏਜੰਸੀਆਂ ਉਨ੍ਹਾਂ 'ਤੇ ਸਿੱਧੀ ਨਜ਼ਰ ਰੱਖਣਗੀਆਂ।