ਭਾਰਤ ਕੋਈ ਧਰਮਸ਼ਾਲਾ ਨਹੀਂ, ਜਾਣੋ ਲੋਕ ਸਭਾ ''ਚ ਅਮਿਤ ਸ਼ਾਹ ਨੇ ਕਿਉਂ ਆਖ਼ੀ ਇਹ ਗੱਲ

Friday, Mar 28, 2025 - 10:05 AM (IST)

ਭਾਰਤ ਕੋਈ ਧਰਮਸ਼ਾਲਾ ਨਹੀਂ, ਜਾਣੋ ਲੋਕ ਸਭਾ ''ਚ ਅਮਿਤ ਸ਼ਾਹ ਨੇ ਕਿਉਂ ਆਖ਼ੀ ਇਹ ਗੱਲ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਕਾਰ ਦੀ ਪ੍ਰਵਾਸ ਨੀਤੀ ਨੂੰ ਸਖਤੀ ਤੇ ਹਮਦਰਦੀ ਦਾ ਮਿਸ਼ਰਣ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਲੋਕ ਸਭਾ ’ਚ ਦੋ-ਟੁੱਕ ਕਿਹਾ ਕਿ ‘ਭਾਰਤ ਕੋਈ ਧਰਮਸ਼ਾਲਾ ਨਹੀਂ ਕਿ ਕੋਈ ਵੀ ਜਦੋਂ ਚਾਹੇ ਇੱਥੇ ਆ ਕੇ ਰਹਿ ਜਾਵੇ।’ ਉਨ੍ਹਾਂ ਸਦਨ ਵਿਚ ‘ਅਪ੍ਰਵਾਸ ਤੇ ਵਿਦੇਸ਼ੀ ਬਿੱਲ, 2025’ ’ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਵਿਚ ਵਪਾਰ, ਸਿੱਖਿਆ ਤੇ ਖੋਜ ਲਈ ਆਉਣ ਵਾਲਿਆਂ ਦਾ ਸਵਾਗਤ ਕੀਤਾ ਜਾਵੇਗਾ ਪਰ ਗਲਤ ਮਨੋਰਥ ਨਾਲ ਅਤੇ ਅਸ਼ਾਂਤੀ ਫੈਲਾਉਣ ਦੇ ਮਨਸੂਬੇ ਨਾਲ ਦਾਖਲ ਹੋਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਸ਼ਾਹ ਦੇ ਜਵਾਬ ਤੋਂ ਬਾਅਦ ਸਦਨ ਨੇ ਕੁਝ ਵਿਰੋਧੀ ਸੰਸਦ ਮੈਂਬਰਾਂ ਦੀਆਂ ਸੋਧਾਂ ਨੂੰ ਖਾਰਜ ਕਰਦੇ ਹੋਏ ‘ਅਪ੍ਰਵਾਸ ਤੇ ਵਿਦੇਸ਼ੀ ਬਿੱਲ, 2025’ ਨੂੰ ਵੁਆਇਸ ਵੋਟ ਰਾਹੀਂ ਮਨਜ਼ੂਰੀ ਦੇ ਦਿੱਤੀ। ਅਮਿਤ ਸ਼ਾਹ ਨੇ ਕਿਹਾ ਕਿ ਜੇ ਬੰਗਲਾਦੇਸ਼ੀ ਤੇ ਰੋਹਿੰਗਿਆ ਅਸ਼ਾਂਤੀ ਫੈਲਾਉਣ ਲਈ ਭਾਰਤ ਵਿਚ ਆਉਂਦੇ ਹਨ ਤਾਂ ਫਿਰ ਉਨ੍ਹਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ 5,000 ਸਾਲ ਤੋਂ ਪ੍ਰਵਾਸੀਆਂ ਸਬੰਧੀ ਭਾਰਤ ਦਾ ਟਰੈਕ ਰਿਕਾਰਡ ਬੇਦਾਗ ਰਿਹਾ ਹੈ ਅਤੇ ਸਾਨੂੰ ਕਿਸੇ ਵੀ ਸ਼ਰਨਾਰਥੀ ਨੀਤੀ ਦੀ ਲੋੜ ਨਹੀਂ। ਮੋਦੀ ਸਰਕਾਰ 2 ਸੰਕਲਪਾਂ ਦੇ ਨਾਲ ਕੰਮ ਕਰ ਰਹੀ ਹੈ। ਪਹਿਲਾ ਸੰਕਲਪ 2027 ਤਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨਾ ਅਤੇ ਦੂਜਾ 2047 ਤਕ ਵਿਕਸਿਤ ਦੇਸ਼ ਬਣਨਾ ਹੈ।

ਤ੍ਰਿਣਮੂਲ ਕਾਂਗਰਸ ਦਿੰਦੀ ਹੈ ਘੁਸਪੈਠੀਆਂ ਨੂੰ ਆਧਾਰ ਕਾਰਡ

ਅਮਿਤ ਸ਼ਾਹ ਨੇ ਪੱਛਮੀ ਬੰਗਾਲ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਸਰਕਾਰ ’ਤੇ ਬੰਗਲਾਦੇਸ਼ ਤੋਂ ਘੁਸਪੈਠ ਕਰ ਕੇ ਆਉਣ ਵਾਲੇ ਘੁਸਪੈਠੀਆਂ ਨੂੰ ਆਧਾਰ ਕਾਰਡ ਤੇ ਵੋਟਰ ਪਛਾਣ ਪੱਤਰ ਜਾਰੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਸਾਲ ਵਿਧਾਨ ਸਭਾ ਚੋਣਾਂ ’ਚ ਉੱਥੇ ਵੀ ਭਾਜਪਾ ਦੀ ਸਰਕਾਰ ਬਣੇਗੀ, ਤਾਂ ਹੀ ਇਸ ਘੁਸਪੈਠ ਦਾ ਅੰਤ ਹੋਵੇਗਾ।

ਹੁਰੀਅਤ ਦੇ 2 ਹੋਰ ਸਮੂਹਾਂ ਨੇ ਵੱਖਵਾਦ ਦਾ ਤਿਆਗ ਕੀਤਾ

ਸ਼ਾਹ ਨੇ ਕਿਹਾ ਕਿ ਹੁਰੀਅਤ ਕਾਨਫਰੰਸ ਦੇ 2 ਹੋਰ ਸਮੂਹਾਂ ਨੇ ਵੱਖਵਾਦ ਨੂੰ ਤਿਆਗ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਣਾਏ ਜਾ ਰਹੇ ‘ਨਵੇਂ ਭਾਰਤ’ ’ਚ ਭਰੋਸਾ ਪ੍ਰਗਟ ਕੀਤਾ ਹੈ। ਵੱਖਵਾਦੀ ਸਮੂਹ ਹੁਰੀਅਤ ਕਾਨਫਰੰਸ ਦੇ 2 ਸਮੂਹਾਂ–ਜੰਮੂ-ਕਸ਼ਮੀਰ ਪੀਪਲਜ਼ ਮੂਵਮੈਂਟ (ਜੇ. ਕੇ. ਪੀ. ਐੱਮ.) ਤੇ ਜੰਮੂ-ਕਸ਼ਮੀਰ ਡੈਮੋਕ੍ਰੈਟਿਕ ਪਾਲੀਟਿਕਲ ਮੂਵਮੈਂਟ (ਜੇ. ਕੇ. ਡੀ. ਪੀ. ਐੱਮ.) ਨੇ ਮੰਗਲਵਾਰ ਨੂੰ ਵੱਖਵਾਦ ਦਾ ਤਿਆਗ ਕਰਨ ਦਾ ਐਲਾਨ ਕੀਤਾ ਸੀ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਰਾਜ ’ਚ ਵੱਖਵਾਦ ਆਖਰੀ ਸਾਹਾਂ ’ਤੇ ਹੈ ਅਤੇ ਏਕਤਾ ਦੀ ਜਿੱਤ ਪੂਰੇ ਕਸ਼ਮੀਰ ’ਚ ਗੂੰਜ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News