ਹੈਦਰਾਬਾਦ ’ਚ ਅਮਿਤ ਸ਼ਾਹ ਦੀ ਸੁਰੱਖਿਆ ’ਚ ਕੋਤਾਹੀ
Sunday, Sep 18, 2022 - 04:43 PM (IST)
ਹੈਦਰਾਬਾਦ– ਹੈਦਰਾਬਾਦ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ’ਚ ਵੱਡੀ ਕੋਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਦੇ ਇਕ ਵਰਕਰ ਨੇ ਅਮਿਤ ਸ਼ਾਹ ਦੇ ਕਾਫਲੇ ਦੇ ਸਾਹਮਣੇ ਇਕ ਗੱਡੀ ਖੜ੍ਹੀ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ’ਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਹਟਾ ਦਿੱਤਾ।
ਜਾਣਕਾਰੀ ਅਨੁਸਾਰ ਜੀ. ਸ੍ਰੀਨਿਵਾਸ ਨਾਂ ਦੇ ਟੀ. ਆਰ. ਐੱਸ. ਨੇਤਾ ਨੇ ਗ੍ਰਹਿ ਮੰਤਰੀ ਦੇ ਕਾਫਲੇ ਦੇ ਸਾਹਮਣੇ ਕਾਰ ਖੜ੍ਹੀ ਕਰ ਦਿੱਤੀ ਸੀ।
ਸ਼੍ਰੀਨਿਵਾਸ ਨੇ ਕਿਹਾ ਕਿ ਮੇਰੀ ਕਾਰ ਆਪਣੇ ਆਪ ਰੁਕ ਗਈ। ਮੈਂ ਬਹੁਤ ਤਣਾਅ ’ਚ ਸੀ। ਮੈਂ ਪੁਲਸ ਅਧਿਕਾਰੀਆਂ ਨਾਲ ਗੱਲ ਕਰਾਂਗਾ। ਟੀ. ਆਰ. ਐੱਸ. ਨੇਤਾ ਨੇ ਦੋਸ਼ ਲਾਇਆ ਕਿ ਪੁਲਸ ਨੇ ਮੇਰੀ ਕਾਰ ਦੀ ਭੰਨ-ਤੋੜ ਕੀਤੀ ਹੈ।
ਸ਼੍ਰੀਨਿਵਾਸ ਨੇ ਕਿਹਾ, ‘ਮੈਂ ਚਲਾ ਜਾਵਾਂਗਾ, ਇਸ ਮਾਮਲੇ ਨੂੰ ਬਿਨਾਂ ਮਤਲਬ ਤੂਲ ਦਿੱਤਾ ਜਾ ਰਿਹਾ ਹੈ।’