ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਦਾਖ਼ਲ

Sunday, Aug 02, 2020 - 05:32 PM (IST)

ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਦਾਖ਼ਲ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਦੇਸ਼ ਭਰ 'ਚ ਜਾਰੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ- ਕੋਰੋਨਾ ਦੇ ਸ਼ੁਰੂਆਤੀ ਲੱਛਣ ਦਿੱਸਣ 'ਤੇ ਮੈਂ ਟੈਸਟ ਕਰਵਾਇਆ ਅਤੇ ਰਿਪੋਰਟ ਪਾਜ਼ੇਟਿਵ ਆਈ ਹੈ। ਮੇਰੀ ਸਿਹਤ ਠੀਕ ਹੈ ਪਰ ਡਾਕਟਰਾਂ ਦੀ ਸਲਾਹ 'ਤੇ ਹਸਪਤਾਲ 'ਚ ਦਾਖ਼ਲ ਹਾਂ। ਮੇਰੀ ਬੇਨਤੀ ਹੈ ਕਿ ਤੁਹਾਡੇ ਵਿਚੋਂ ਜੋ ਵੀ ਲੋਕ ਬੀਤੇ ਕੁਝ ਦਿਨਾਂ ਵਿਚ ਮੇਰੇ ਸੰਪਰਕ 'ਚ ਆਏ ਹਨ, ਕ੍ਰਿਪਾ ਕਰ ਕੇ ਖੁਦ ਨੂੰ ਆਈਸੋਲੇਟ ਕਰ ਕੇ ਆਪਣੀ ਜਾਂਚ ਕਰਵਾਓ। 

PunjabKesari

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਕੋਰੋਨਾ ਟੈਸਟ ਹੋਇਆ। ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਡਾਕਟਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਸ਼ਾਹ ਲਗਾਤਾਰ ਮਾਨੀਟਰਿੰਗ ਵਿਚ ਲੱਗੇ ਸਨ। ਰਾਜਧਾਨੀ ਦਿੱਲੀ ਦੀ ਸਥਿਤੀ ਨੂੰ ਉਨ੍ਹਾਂ ਨੇ ਨਿੱਜੀ ਤੌਰ ਮਾਨੀਟਰ ਕੀਤਾ। ਉਹ ਗ੍ਰਹਿ ਅਤੇ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਕੋਰੋਨਾ ਦੀ ਤਾਜ਼ਾ ਸਥਿਤੀ 'ਤੇ ਅਪਡੇਟ ਲੈਂਦੇ ਸਨ। ਬਸ ਇੰਨਾ ਹੀ ਨਹੀਂ ਤਾਲਾਬੰਦੀ ਤੋਂ ਬਾਅਦ ਦੇਸ਼ 'ਚ ਅਨਲਾਕ ਦੀ ਪ੍ਰਕਿਰਿਆ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ ਤਿਆਰ ਕਰਵਾਉਣ 'ਚ ਵੀ ਸ਼ਾਹ ਦੀ ਅਹਿਮ ਭੂਮਿਕਾ ਰਹੀ ਹੈ।

ਦੱਸਣਯੋਗ ਹੈ ਕਿ ਦੇਸ਼ ਵਿਚ ਕੋਰੋਨਾ ਦੀ ਰਫ਼ਤਾਰ ਤੇਜ਼ੀ ਨਾਲ ਵੱਧ ਰਹੀ ਹੈ। ਇਕ ਦਿਨ 'ਚ 54,736 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 17 ਲੱਖ ਦੇ ਪਾਰ ਪੁੱਜ ਗਈ ਹੈ। ਹਾਲਾਂਕਿ 11 ਲੱਖ ਤੋਂ ਵਧੇਰੇ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਮਹਿਜ ਦੋ ਦਿਨਾਂ ਵਿਚ ਦੇਸ਼ 'ਚ ਕੋਰੋਨਾ ਦੇ ਕੇਸਾਂ ਨੇ 16 ਲੱਖ ਦਾ ਅੰਕੜਾ ਪਾਰ ਕੀਤਾ ਹੈ।


author

Tanu

Content Editor

Related News