ਕਸ਼ਮੀਰ ਮੁੱਦੇ ਲਈ ਅਮਿਤ ਸ਼ਾਹ ਨੇ ਪੰਡਿਤ ਨਹਿਰੂ ਨੂੰ ਠਹਿਰਾਇਆ ਜ਼ਿੰਮੇਵਾਰ

10/13/2022 5:51:40 PM

ਗੁਜਰਾਤ- ਗ੍ਰਹਿ ਮੰਤਰੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੂੰ ਕਸ਼ਮੀਰ ਨਾਲ ਜੁੜੇ ਮੁੱਦਿਆਂ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ-370 ਹਟਾ ਕੇ ਉਨ੍ਹਾਂ ਨੂੰ ਹੱਲ ਕਰਨ ਦਾ ਸਿਹਰਾ ਨਰਿੰਦਰ ਮੋਦੀ ਸਰਕਾਰ ਨੂੰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੁਣਾਵੀ ਪ੍ਰਦੇਸ਼ ਗੁਜਰਾਤ ’ਚ ਭਾਜਪਾ ਦੀ ‘ਗੌਰਵ ਯਾਤਰਾ’ ਨੂੰ ਹਰੀ ਝੰਡੀ ਵਿਖਾਉਣ ਲਈ ਆਯੋਜਿਤ ਪ੍ਰੋਗਰਾਮ ’ਚ ਕਿਹਾ ਕਿ ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਕਾਂਗਰਸ ਉਨ੍ਹਾਂ ਦੀ ਪਾਰਟੀ ’ਤੇ ਤੰਜ਼ ਕੱਸਦੀ ਸੀ ਪਰ ਹੁਣ ਮੰਦਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ।

ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਧਾਰਾ-370 ਸ਼ਾਮਲ ਕਰਨ ਦੀ ਜਵਾਹਰਲਾਲ ਨਹਿਰੂ ਦੀ ਗਲਤੀ ਕਾਰਨ ਕਸ਼ਮੀਰ ’ਚ ਗੜਬੜੀ ਸੀ। ਇਹ ਦੇਸ਼ ਨਾਲ ਸਹੀ ਢੰਗ ਨਾਲ ਨਹੀਂ ਜੁੜ ਸਕੀ। ਹਰ ਕਿਸੇ ਦੀ ਇੱਛਾ ਸੀ ਕਿ ਧਾਰਾ 370 ਨੂੰ ਹਟਾ ਦਿੱਤਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਹੀ ਝਟਕੇ ਵਿਚ ਇਸ ਨੂੰ ਹਟਾ ਦਿੱਤਾ ਅਤੇ ਕਸ਼ਮੀਰ ਦੇ ਦੇਸ਼ ’ਚ ਰਲੇਵਾਂ ਪੂਰਾ ਕਰ ਦਿੱਤਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਹਫ਼ਤੇ ਗੁਜਰਾਤ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ, ਕਸ਼ਮੀਰ ਨਾਲ ਸਬੰਧਤ ਮੁੱਦਿਆਂ ਲਈ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਅਯੁੱਧਿਆ ’ਚ ਰਾਮ ਮੰਦਰ ਬਾਰੇ ਸ਼ਾਹ ਨੇ ਕਿਹਾ ਕਿ ‘ਮੰਦਰ ਉੱਥੇ ਹੀ ਬਣਾਵਾਂਗੇ ਪਰ ਤਾਰੀਖ ਨਹੀਂ ਦੱਸਾਂਗੇ’ ਵਰਗੇ ਨਾਅਰੇ ਨਾਲ ਕਾਂਗਰਸ ਉਨ੍ਹਾਂ ਦੀ ਪਾਰਟੀ ਦਾ ਮਜ਼ਾਕ ਉਡਾਉਂਦੀ ਸੀ। ਉਨ੍ਹਾਂ ਨੇ ਕਿਹਾ ਕਿ ਤਾਰੀਖ਼ਾਂ ਦਾ ਐਲਾਨ ਹੋ ਗਿਆ, ਨੀਂਹ ਪੱਥਰ ਰੱਖਣ ਦੀ ਰਸਮ ਪੂਰੀ ਹੋਈ ਅਤੇ ਜਿਸ ਥਾਂ ’ਤੇ ਵਾਅਦਾ ਕੀਤਾ ਗਿਆ ਸੀ, ਉੱਥੇ ਇਕ ਵਿਸ਼ਾਲ ਮੰਦਰ ਬਣ ਰਿਹਾ ਹੈ। ਕਾਂਗਰਸ ’ਤੇ ਹਮਲਾ ਬੋਲਦੇ ਹੋਏ ਸ਼ਾਹ ਨੇ ਦਾਅਵਾ ਕੀਤਾ ਕਿ ਉਸ ਦੇ ਸ਼ਾਸਨ ਕਾਲ ’ਚ ਗੁਜਰਾਤ ’ਚ ਕਰਫਿਊ ਇਕ ਨਿਯਮਤ ਘਟਨਾ ਸੀ ਪਰ ਸੂਬੇ ’ਚ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਪਹਿਲੀ ਵਰਗੀ ਸਥਿਤੀ ਨਹੀਂ ਰਹੀ। ਜਦੋਂ ਸੂਬੇ ਵਿਚ ਕਾਂਗਰਸ ਦਾ ਰਾਜ ਸੀ ਤਾਂ 365 ਦਿਨਾਂ ’ਚੋਂ ਗੁਜਰਾਤ ਦੇ ਕੁਝ ਹਿੱਸਿਆਂ ’ਚ 200 ਦਿਨ ਕਰਫਿਊ ਲੱਗਾ ਰਹਿੰਦਾ ਸੀ। ਕਾਂਗਰਸ ਦਾ ਸੋਚਣਾ ਸੀ ਕਿ ਜੇਕਰ ਲੋਕ ਇਕ-ਦੂਜੇ ਨਾਲ ਲੜਦੇ ਰਹਿਣਗੇ ਤਾਂ ਉਨ੍ਹਾਂ ਨੂੰ ਫਾਇਦਾ ਹੋਵੇਗਾ।


Tanu

Content Editor

Related News