ਅਮਿਤ ਸ਼ਾਹ ਦੀ ''ਆਪ੍ਰੇਸ਼ਨ ਸਿੰਦੂਰ'' ''ਤੇ ਪਹਿਲੀ ਪ੍ਰਤੀਕਿਰਿਆ, ਕਿਹਾ- ਸਾਨੂੰ ਆਪਣੀਆਂ ਸੈਨਾਵਾਂ ''ਤੇ ਮਾਣ ਹੈ
Wednesday, May 07, 2025 - 10:14 AM (IST)

ਨਵੀਂ ਦਿੱਲੀ- ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨੀ ਵਿਚ ਕਈ ਅੱਤਵਾਦੀ ਟਿਕਾਣਿਆਂ 'ਤੇ ਹੋਈ ਭਾਰਤ ਦੀ ਏਅਰ ਸਟਰਾਈਕ 'ਤੇ ਪ੍ਰਤੀਕਿਰਿਆ ਦਿੱਤੀ ਹੈ। 'ਆਪ੍ਰੇਸ਼ਨ ਸਿੰਦੂਰ' 'ਤੇ ਅਮਿਤ ਸ਼ਾਹ ਨੇ ਕਿਹਾ ਕਿ ਇਹ ਪਹਿਲਗਾਮ ਹਮਲੇ ਵਿਚ ਮਾਰੇ ਗਏ ਸਾਡੇ ਬੇਕਸੂਰ ਭਰਾਵਾਂ ਦੇ ਕਤਲ 'ਤੇ ਭਾਰਤ ਦਾ ਜਵਾਬ ਹੈ। ਮੋਦੀ ਸਰਕਾਰ ਭਾਰਤ ਅਤੇ ਇਸਦੇ ਲੋਕਾਂ 'ਤੇ ਕਿਸੇ ਵੀ ਹਮਲੇ ਦਾ ਢੁਕਵਾਂ ਜਵਾਬ ਦੇਣ ਲਈ ਦ੍ਰਿੜ ਹੈ। ਭਾਰਤ ਅੱਤਵਾਦ ਨੂੰ ਜੜ੍ਹਾਂ ਤੋਂ ਖਤਮ ਕਰਨ ਲਈ ਦ੍ਰਿੜਤਾ ਨਾਲ ਵਚਨਬੱਧ ਹੈ।
ਅਮਿਤ ਸ਼ਾਹ ਦੀ ਇਹ ਐਕਸ ਪੋਸਟ ਆਪ੍ਰੇਸ਼ਨ ਸਿੰਦੂਰ ਦੇ ਸਫ਼ਲ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਸਾਹਮਣੇ ਆਇਆ ਹੈ। ਭਾਰਤੀ ਫ਼ੌਜ ਨੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ 1.44 ਵਜੇ ਦੇ ਕਰੀਬ ਐਲਾਨ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ਦੇ 9 ਟਿਕਾਣਿਆਂ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਵਿਚ 26 ਬੇਕਸੂਰ ਲੋਕਾਂ ਦੀ ਜਾਨ ਚੱਲੀ ਗਈ ਸੀ। ਇਸ ਹਮਲੇ ਨੂੰ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸੰਗਠਨਾਂ ਨੇ ਅੰਜਾਮ ਦਿੱਤਾ ਸੀ।