ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ ''ਵਾਰਿਸ ਪੰਜਾਬ ਦੇ'' ਜਥੇਬੰਦੀ ਨਾਲ ਜੁੜਿਆ ਬੰਦਾ, ਨੇਪਾਲ ਬਾਰਡਰ ਤੋਂ ਪੁਲਸ ਨੇ ਕੀਤਾ ਕਾਬੂ
Friday, Jul 24, 2026 - 01:01 PM (IST)
ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਭਾਰਤ-ਨੇਪਾਲ ਅੰਤਰਰਾਸ਼ਟਰੀ ਸਰਹੱਦ 'ਤੇ ਰੂਪਈਡੀਹਾ ਖੇਤਰ 'ਚ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਅਤੇ ਸਥਾਨਕ ਪੁਲਸ ਨੇ ਇਕ ਸੰਯੁਕਤ ਕਾਰਵਾਈ 'ਚ ਕੱਟੜਪੰਥੀ ਸਮਰਥਕ ਅਤੇ 'ਵਾਰਿਸ ਪੰਜਾਬ ਦੇ' ਨਾਲ ਜੁੜੇ ਇਕ ਲੋੜੀਂਦੇ ਅਪਰਾਧੀ ਵਿਕਰਮਜੀਤ ਸਿੰਘ ਅਤੇ ਅਮਰੀਕੀ ਨਾਗਰਿਕ ਮਨਵੀਰ ਸਿੰਘ ਢਿੱਲੋਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਹਿਰਾਈਚ ਦੇ ਪੁਲਸ ਸੁਪਰਡੈਂਟ ਵਿਸ਼ਵਜੀਤ ਸ਼੍ਰੀਵਾਸਤਵ ਨੇ ਵੀਰਵਾਰ ਦੇਰ ਰਾਤ ਦੱਸਿਆ ਕਿ ਪੁੱਛ-ਗਿੱਛ 'ਚ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਅਜਨਾਲਾ ਥਾਣੇ 'ਚ 2023 ਦੇ ਇਕ ਮਾਮਲੇ 'ਚ ਲੋੜੀਂਦਾ 'ਵਾਰਿਸ ਪੰਜਾਬ ਦੇ' ਸੰਗਠਨ ਨਾਲ ਜੁੜਿਆ ਵਿਕਰਮਜੀਤ ਸਿੰਘ ਕਈ ਦਿਨਾਂ ਤੋਂ ਫਰਾਰ ਸੀ ਅਤੇ ਪੰਜਾਬ ਪੁਲਸ ਨੂੰ ਉਸ ਦੀ ਭਾਲ ਸੀ। ਉਨ੍ਹਾਂ ਦੱਸਿਆ ਕਿ ਵਿਕਰਮਜੀਤ ਨਾਲ ਇਸੇ ਸੰਗਠਨ ਨਾਲ ਜੁੜਿਆ ਅਮਰੀਕੀ ਨਾਗਰਿਕ ਮਨਵੀਰ ਸਿੰਘ ਢਿੱਲੋਂ ਮੂਲ ਰੂਪ ਨਾਲ ਪੰਜਾਬ ਦੇ ਮੋਗਾ ਦਾ ਵਾਸੀ ਹੈ ਅਤੇ ਪੰਜਾਬ ਪੁਲਸ ਇਕ ਮਾਮਲੇ 'ਚ ਮਨਵੀਰ ਨੂੰ ਵੀ ਤਲਾਸ਼ ਰਹੀ ਹੈ।
ਸ਼੍ਰੀਵਾਸਤਵ ਨੇ ਦੱਸਿਆ ਕਿ ਸ਼ਾਇਦ ਪੁਲਸ ਦੀ ਨਜ਼ਰ 'ਚ ਆਉਣ ਤੋਂ ਬਚਣ ਲਈ ਮਨਵੀਰ ਨੇ ਭਾਰਤ ਆਉਣ ਲਈ ਵੀਜ਼ਾ ਨਹੀਂ ਬਣਵਾਇਆ ਸੀ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਭਾਰਤ ਨੇਪਾਲ ਅੰਤਰਰਾਸ਼ਟਰੀ ਸਰਹੱਦ ਸਥਿਤ ਰੂਪਈਡੀਹਾ ਸਰਹੱਦੀ ਚੌਕੀ ਪਾਰ ਕਰ ਕੇ ਭਾਰਤੀ ਖੇਤਰ 'ਚ ਪ੍ਰਵੇਸ਼ ਕਰਦੇ ਸਮੇਂ ਵਿਕਰਮਜੀਤ ਅਤੇ ਮਨਵੀਰ ਨੂੰ ਪੁਲਸ ਅਤੇ ਐੱਸਐੱਸਬੀ ਨੇ ਰੋਕ ਕੇ ਪੁੱਛ-ਗਿੱਛ ਕੀਤੀ ਤਾਂ ਇਨ੍ਹਾਂ ਦੀ ਅਸਲੀਅਤ ਪਤਾ ਲੱਗੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਰੂਪਈਡੀਹਾ ਥਾਣੇ 'ਚ ਗੰਭੀਰ ਧਾਰਾਵਾਂ 'ਚ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿੰਘ ਅਤੇ ਢਿੱਲੋਂ ਨੂੰ ਗੈਰ-ਕਾਨੂੰਨੀ ਰੂਪ ਨਾਲ ਭਾਰਤ 'ਚ ਘੁਸਪੈਠ ਕਰਵਾਉਣ ਦੀ ਕੋਸ਼ਿਸ਼ 'ਚ ਭਾਰਤੀ ਖੇਤਰ ਦੇ ਰੂਪਈਡੀਹਾ ਕਸਬਾ ਵਾਸੀ ਤਿੰਨ ਹੋਰ ਭਾਰਤੀ ਨਾਗਰਿਕਾਂ ਸੁਰੇਸ਼ ਕੁਮਾਰ ਪਾਠਕ, ਦਿਲੀਪ ਉਪਾਧਿਆਏ ਅਤੇ ਵਾਹਨ ਚਾਲਕ ਰਾਹੁਲ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼੍ਰੀਵਾਸਤਵ ਨੇ ਦੱਸਿਆ ਕਿ ਸਰਹੱਦ 'ਤੇ ਤਾਇਨਾਤ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਫੜੇ ਗਏ ਸਾਰੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਹੈ। ਇਕ ਹੋਰ ਸੂਤਰ ਨੇ ਦੱਸਿਆ ਕਿ ਅਮਰੀਕੀ ਨਾਗਰਿਕ ਮਨਵੀਰ ਦੀ ਪਤਨੀ ਅਤੇ ਬੱਚੇ ਵੀ ਉਸ ਦੇ ਨਾਲ ਸਨ ਪਰ ਉਨ੍ਹਾਂ ਕੋਲ ਜਾਇਜ਼ ਦਸਤਾਵੇਜ਼ ਸਨ, ਇਸ ਲਈ ਉਨ੍ਹਾਂ ਨੂੰ ਇਮੀਗ੍ਰੇਸ਼ਨ ਨਿਯਮਾਂ ਦੇ ਅਧੀਨ ਕਾਨੂੰਨੀ ਰੂਪ ਨਾਲ ਪ੍ਰਵੇਸ਼ ਦੀ ਮਨਜ਼ੂਰੀ ਦੇ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
