ਅਮਰੀਕਾ ਨੇ ਭਾਰਤ-ਰੂਸ ਸਬੰਧਾਂ ਨੂੰ ਲੈ ਕੇ ਸਪੱਸ਼ਟ ਕੀਤਾ ਆਪਣਾ ਪੱਖ, ਜ਼ਾਹਰ ਕੀਤੀ ਚਿੰਤਾ
Thursday, Jun 27, 2024 - 04:10 PM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਦੋ ਹਫ਼ਤਿਆਂ ਤੱਕ ਰੂਸ ਜਾਣ ਦੀ ਯੋਜਨਾ ਬਣਾ ਰਹੇ ਹਨ। ਇਸ ਦਰਮਿਆਨ ਅਮਰੀਕਾ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਰੂਸ ਅਤੇ ਭਾਰਤ ਦੇ ਆਪਸੀ ਡੂੰਘੇ ਸਬੰਧ ਭਾਰਤ ਨੂੰ ਅਤਿ ਆਧੁਨਿਕ ਤਕਨਾਲੋਜੀ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਮਰੀਕਾ ਨੇ ਭਾਰਤ ਅਤੇ ਰੂਸ ਦਰਮਿਆਨ ਵਧਦੇ ਸਬੰਧਾਂ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਉੱਚ ਪੱਧਰਾਂ 'ਤੇ ਜ਼ਾਹਰ ਕੀਤੀਆਂ ਹਨ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਭਾਰਤ ਨਾਲ ਕੰਮ ਕਰਨ ਨਾਲ ਇਹ ਚਿੰਤਾਵਾਂ ਘੱਟ ਹੋ ਸਕਦੀਆਂ ਹਨ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਭਾਰਤੀ ਪੱਤਰਕਾਰਾਂ ਨਾਲ ਵੀਡੀਓ ਪ੍ਰੈਸ ਕਾਨਫਰੰਸ ਵਿੱਚ ਇਹ ਗੱਲਬਾਤ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਅਮਰੀਕਾ ਅਤਿ ਆਧੁਨਿਕ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਨਾਲ ਬਹੁਤ ਮਜ਼ਬੂਤ ਸਬੰਧ ਬਣਾਉਣ ਲਈ ਵਚਨਬੱਧ ਹੈ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਨੇ ਪੀਐਮ ਮੋਦੀ ਨਾਲ ਅਮਰੀਕੀ ਐਨਐਸਏ ਦੀ ਅਗਵਾਈ ਵਿੱਚ ਹੋਈ ਮੀਟਿੰਗ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹਿੰਦ ਮਹਾਸਾਗਰ ਵਿੱਚ ਭਾਰਤ ਨਾਲ ਸਹਿਯੋਗ ਇੱਕ ਅਜਿਹਾ ਮੁੱਦਾ ਹੈ, ਜਿਸ ਉੱਤੇ ਅਸੀਂ ਕਾਫੀ ਗੱਲਬਾਤ ਕੀਤੀ ਹੈ। ਹਿੰਦ ਮਹਾਸਾਗਰ ਵਿੱਚ ਭਾਰਤ ਦੀ ਭੂਮਿਕਾ ਕੇਂਦਰੀ ਹੋਵੇਗੀ ਅਤੇ ਸਾਡੀ ਕੋਸ਼ਿਸ਼ ਭਾਰਤ ਦੀ ਸਮੁੰਦਰੀ ਸ਼ਕਤੀ (ਹਵਾਈ ਸੈਨਾ ਅਤੇ ਜਲ ਸੈਨਾ ਦੋਵਾਂ ਵਿੱਚ) ਨੂੰ ਵਧਾਉਣ ਦੀ ਹੈ।
ਰੂਸ ਬਾਰੇ ਕੈਂਪਬੈਲ ਨੇ ਕਿਹਾ, 'ਭਾਰਤ ਅਤੇ ਰੂਸ ਦੇ ਸਬੰਧਾਂ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਾਲੇ ਖੁੱਲ੍ਹੀ ਚਰਚਾ ਹੋ ਰਹੀ ਹੈ। ਜਿੱਥੋਂ ਤੱਕ ਅਮਰੀਕਾ ਦਾ ਸਬੰਧ ਹੈ, ਅਸੀਂ ਭਾਰਤ ਨਾਲ ਬਹੁਤ ਡੂੰਘੇ ਅਤੇ ਮਜ਼ਬੂਤ ਤਕਨਾਲੋਜੀ ਸਬੰਧ ਬਣਾਉਣ ਦੇ ਪੱਖ ਵਿੱਚ ਹਾਂ। ਅਸੀਂ ਸਪੱਸ਼ਟ ਤੌਰ 'ਤੇ ਦੱਸਿਆ ਹੈ ਕਿ ਜੇਕਰ ਭਾਰਤ ਅਤੇ ਰੂਸ ਦੇ ਸਬੰਧ ਫੌਜੀ ਅਤੇ ਤਕਨੀਕੀ ਪੱਧਰ 'ਤੇ ਬਣੇ ਰਹੇ ਤਾਂ ਇਸ ਦਾ ਕੀ ਪ੍ਰਭਾਵ ਪੈ ਸਕਦਾ ਹੈ। ਅਸੀਂ ਆਪਣੀਆਂ ਚਿੰਤਾਵਾਂ ਭਾਰਤ ਨੂੰ ਦੱਸ ਦਿੱਤੀਆਂ ਹਨ।