ਤੇਲ ਖਰੀਦ ਮਾਮਲੇ 'ਚ ਭਾਰਤ ਨੂੰ ਵੱਡਾ ਝੱਟਕਾ ਦੇ ਸਕਦੈ ਅਮਰੀਕਾ

04/22/2019 6:44:12 PM

ਵਾਸ਼ਿੰਗਟਨ - ਈਰਾਨ ਤੋਂ ਤੇਲ ਖਰੀਦਣ ਕਾਰਨ ਖਫਾ ਅਮਰੀਕਾ ਭਾਰਤ ਸਮੇਤ 5 ਦੇਸ਼ਾਂ ਨੂੰ ਪਾਬੰਦੀ ਤੋਂ ਮਿਲੀ ਛੋਟ ਖਤਮ ਕਰ ਸਕਦਾ ਹੈ। ਅਮਰੀਕਾ ਸੋਮਵਾਰ ਨੂੰ ਈਰਾਨ ਤੋਂ ਖੇਲ ਖਰੀਦਣ ਵਾਲੇ ਦੇਸ਼ਾਂ ਨੂੰ ਲੈ ਕੇ ਇਸ ਬਾਰੇ 'ਚ ਇਕ ਵੱਡਾ ਐਲਾਨ ਕਰ ਸਕਦਾ ਹੈ। ਇਨਾਂ ਦੇਸ਼ਾਂ ਤੋਂ ਇਲਾਵਾ ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਤੁਰਕੀ ਸ਼ਾਮਲ ਹਨ। ਮਾਮਲੇ ਨਾਲ ਜੁੜੇ ਇਕ ਸੂਤਰ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ।
ਜ਼ਿਕਰਯੋਗ ਹੈ ਕਿ ਇਨਾਂ ਦੇਸ਼ਾਂ ਨੂੰ ਜਾਂ ਤਾਂ ਈਰਾਨ ਤੋਂ ਤੇਲ ਆਯਾਤ ਖਤਮ ਕਰਨਾ ਹੋਵੇਗਾ ਜਾਂ ਫਿਰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਹੋਵੇਗਾ। ਕੱਚੇ ਤੇਲ ਦੀ ਸਪਲਾਈ 'ਚ ਕਮੀ ਦੇ ਸ਼ੱਕ ਨੂੰ ਦੇਖਦੇ ਹੋਏ ਤੇਲ ਦੀਆਂ ਕੀਮਤਾਂ 'ਚ 3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 74.30 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ। 1 ਨਵੰਬਰ ਤੋਂ ਬਾਅਦ ਇਹ ਕੱਚੇ ਤੇਲ ਦੀ ਸਭ ਤੋਂ ਜ਼ਿਆਦਾ ਕੀਮਤ ਹੈ।

ਸੂਤਰ ਨੇ ਵਾਸ਼ਿੰਗਟਨ ਪੋਸਟ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਟਰੰਪ ਪ੍ਰਸ਼ਾਸਨ ਪਿਛਲੇ ਸਾਲ ਦੇ ਆਖਿਰ 'ਚ ਕੁਝ ਦੇਸ਼ਾਂ ਨੂੰ ਦਿੱਤੀ ਗਈ ਪਾਬੰਦੀ ਛੋਟ ਨੂੰ ਖਤਮ ਕਰ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨੂੰ ਬੀਤੇ ਹਫਤਿਆਂ 'ਚ ਇਹ ਸਾਫ ਕਹਿ ਚੁੱਕੇ ਹਨ ਕਿ ਉਹ ਛੋਟ ਨੂੰ ਖਤਮ ਕਰਨਾ ਚਾਹੁੰਦੇ ਹਨ। ਇਸ ਮਾਮਲੇ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਵੀ ਕੰਮ ਕਰ ਰਹੇ ਹਨ। ਦੱਸ ਦਈਏ ਕਿ 2017 'ਚ ਅਮਰੀਕਾ ਨੇ ਖੁਦ ਨੂੰ ਈਰਾਨ ਦੇ ਇਤਿਹਾਸਕ ਪ੍ਰਮਾਣੂ ਸਮਝੌਤੇ ਤੋਂ ਬਾਹਰ ਕਰ ਲਿਆ ਸੀ।

ਇਸ ਤੋਂ ਬਾਅਦ ਨਵੰਬਰ 'ਚ ਅਮਰੀਕਾ ਨੇ ਈਰਾਨੀ ਤੇਲ ਦੇ ਨਿਰਯਾਤ 'ਤੇ ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕਰ ਦਿੱਤਾ। ਹਾਲਾਂਕਿ, ਇਸ ਤੋਂ ਬਾਅਦ ਤੇਲ ਖਰੀਦਦਾਰਾਂ 'ਤੇ ਲੱਗੀਆਂ ਪਾਬੰਦੀਆਂ 'ਚ ਕੁਝ ਛੋਟ ਦੇ ਦਿੱਤੀ ਗਈ ਸੀ, ਤਾਂ ਜੋਂ ਉਹ ਤੇਲ ਲਈ ਹੋਰ ਵਿਕਲਪਾਂ ਦੀ ਭਾਲ ਕਰ ਸਕਣ। ਰਿਪੋਰਟ 'ਚ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਬੈਨ ਕਾਰਨ ਤੇਲ ਦੀ ਸਪਲਾਈ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਵੇਗੀ ਕਿਉਂਕਿ ਅਮਰੀਕਾ ਅਤੇ ਸਾਊਦੀ ਅਰਬ ਸਮੇਤ ਦੂਜੇ ਦੇਸ਼ਾਂ ਨੇ ਤੇਲ ਦਾ ਉਤਪਾਦਨ ਵੱਧਾ ਦਿੱਤਾ ਹੈ।

ਦੱਸ ਦਈਏ ਕਿ ਅਮਰੀਕਾ ਨੇ 5 ਦੇਸ਼ਾਂ ਨੂੰ 2 ਮਈ ਤੱਕ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਛੋਟ ਦੇ ਰੱਖੀ ਸੀ ਪਰ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਸੋਮਵਾਰ ਨੂੰ ਇਸ ਗੱਲ ਦਾ ਐਲਾਨ ਕਰ ਸਕਦੇ ਹਨ ਕਿ ਅਮਰੀਕਾ ਹੁਣ ਅੱਗੇ ਭਾਰਤ ਸਮੇਤ ਬਾਕੀ ਦੇ 4 ਦੇਸ਼ਾਂ ਨੂੰ ਪਾਬੰਦੀ ਤੋਂ ਛੋਟ ਨਹੀਂ ਦੇਵੇਗਾ। ਨਵੰਬਰ ਤੋਂ ਇਟਲੀ, ਗ੍ਰੀਸ ਅਤੇ ਤਾਈਵਾਨ ਨੇ ਈਰਾਨ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ ਪਰ ਬਾਕੀ ਦੇਸ਼ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਖਿਲਾਫ ਅਜੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਲਾ ਲਾਈ ਜਾਵੇ।


Khushdeep Jassi

Content Editor

Related News