ਜੈਪੁਰ-ਅਜਮੇਰ ਹਾਈਵੇਅ ’ਤੇ ਡੁੱਲ੍ਹੇ ਤੇਲ ਤੋਂ ਤਿਲਕੀ ਐਂਬੂਲੈਂਸ, 2 ਦੀ ਮੌਤ
Monday, Oct 13, 2025 - 11:02 PM (IST)

ਜੈਪੁਰ (ਭਾਸ਼ਾ)-ਜੈਪੁਰ-ਅਜਮੇਰ ਹਾਈਵੇਅ ’ਤੇ ਤੇਜ਼ ਰਫਤਾਰ ਐਂਬੂਲੈਂਸ ਬੇਕਾਬੂ ਹੋ ਕੇ ਸੜਕ ਕੰਢੇ ਖੜ੍ਹੇ ਇਕ ਟਰੱਕ ਨਾਲ ਟਕਰਾਅ ਗਈ। ਐਂਬੂਲੈਂਸ ’ਚ ਸਵਾਰ ਮਰੀਜ਼ ਦੀ ਪਤਨੀ ਸਮੇਤ 2 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 3 ਹੋਰ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਹਾਈਵੇਅ ’ਤੇ ਪਾਮ ਆਇਲ ਡੁੱਲ੍ਹਿਆ ਹੋਇਆ ਸੀ, ਜਿਸ ’ਤੇ ਟਾਇਰ ਤਿਲਕਣ ਤੋਂ ਬਾਅਦ ਐਂਬੂਲੈਂਸ ਬੇਕਾਬੂ ਹੋ ਗਈ। ਹਾਦਸਾ ਬਗਰੂ ਇਲਾਕੇ ਦੇ ਛੀਤਰੋਲੀ ਸਟੈਂਡ ਦੇ ਕੋਲ ਐਤਵਾਰ ਰਾਤ ਲੱਗਭਗ ਢਾਈ ਵਜੇ ਹੋਇਆ।
ਐੱਸ. ਆਈ. ਸ਼ੇਰਸਿੰਘ ਮੀਣਾ ਨੇ ਦੱਸਿਆ, ‘‘ਹਾਦਸੇ ’ਚ ਕਿਸ਼ਨਗੜ੍ਹ, ਅਜਮੇਰ ਨਿਵਾਸੀ ਦਿਨੇਸ਼ ਕੁਮਾਰੀ (55) ਅਤੇ ਵਿੱਕੀ ਉਰਫ ਵੀਰਮ ਸਿੰਘ (31) ਪੁੱਤਰ ਗੋਵਿੰਦ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਜ਼ਖਮੀ ਐਂਬੂਲੈਂਸ ਡਰਾਈਵਰ ਸਤੀਸ਼ ਧਾਮਨੀ, ਅਮਿਤ ਵੈਸ਼ਣਵ (30) ਅਤੇ ਬਿਠੂਦਾਸ (60) ਦਾ ਐੱਸ. ਐੱਮ. ਐੱਸ. ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।’’