52 ਦਿਨ ਤੋਂ ਚੱਲ ਰਹੀ ਅਮਰਨਾਥ ਯਾਤਰਾ ਅੱਜ ਹੋਵੇਗੀ ਖ਼ਤਮ, 5 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
Monday, Aug 19, 2024 - 10:58 AM (IST)
ਸ਼੍ਰੀਨਗਰ- ਪਿਛਲੇ 52 ਦਿਨਾਂ ਤੋਂ ਚੱਲ ਰਹੀ ਅਮਰਨਾਥ ਯਾਤਰਾ ਅੱਜ ਯਾਨੀ ਕਿ ਰੱਖੜੀ ਮੌਕੇ ਸਮਾਪਤ ਹੋਵੇਗੀ। ਹੁਣ ਤੱਕ ਕਰੀਬ 5 ਲੱਖ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। ਮਹੰਤ ਸਵਾਮੀ ਦੀਪੇਂਦਰ ਗਿਰੀ ਵਲੋਂ ਲਿਜਾਈ ਗਈ ਛੜੀ ਮੁਬਾਰਕ (ਭਗਵਾਨ ਸ਼ਿਵ ਦੀ ਚਾਂਦੀ ਦੀ ਬਣੀ ਗਦਾ) ਨੇ ਸੋਮਵਾਰ ਸਵੇਰੇ ਪੰਚਤਰਨੀ ਤੋਂ ਪਵਿੱਤਰ ਗੁਫਾ ਤੱਕ ਆਪਣੀ ਯਾਤਰਾ ਦੇ ਅੰਤਿਮ ਪੜਾਅ ਦੀ ਸ਼ੁਰੂਆਤ ਕੀਤੀ। ਇਸ ਸਾਲ ਇਹ ਯਾਤਰਾ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਅੱਜ (ਸੋਮਵਾਰ) 52 ਦਿਨਾਂ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਮਾਪਤ ਹੋਵੇਗੀ।
ਜੰਮੂ ਤੋਂ ਲੈ ਕੇ ਬਾਲਟਾਲ ਅਤੇ ਪਹਿਲਗਾਮ ਦੇ ਦੋ ਬੇਸ ਕੈਂਪ ਤੱਕ ਯਾਤਰਾ ਦੇ ਰੂਟ 'ਤੇ ਪੁਲਸ ਅਤੇ CAPF ਦੀ ਮੌਜੂਦਗੀ, ਸਥਾਨਕ ਲੋਕਾਂ ਦੇ ਪੂਰਨ ਸਹਿਯੋਗ ਨਾਲ ਇਸ ਸਾਲ ਯਾਤਰਾ ਕਾਫ਼ੀ ਸਫਲ ਰਹੀ। ਸਾਧੂਆਂ ਅਤੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੀ ਉਸਤਤ ਵਿਚ 'ਬਮ ਬਮ ਭੋਲੇ' ਅਤੇ ਵੈਦਿਕ ਮੰਤਰਾਂ ਦਾ ਜਾਪ ਕਰਦਿਆਂ ਛੜੀ ਮੁਬਾਰਕ ਦੀ ਅੰਤਿਮ ਪੜਾਅ ਕੈਂਪ ਪੰਚਤਰਨੀ ਤੋਂ ਸ਼ੁਰੂ ਹੋਈ, ਜੋ ਕਿ ਕਸ਼ਮੀਰ ਹਿਮਾਲਿਆ ਵਿਚ ਸਮੁੰਦਰ ਤਲ ਤੋਂ 3888 ਮੀਟਰ ਦੀ ਉਚਾਈ 'ਤੇ ਸਥਿਤ ਗੁਫਾ ਮੰਦਰ ਵੱਲ ਹੈ। ਸ਼ਰਧਾਲੂ ਮੰਨਦੇ ਹਨ ਕਿ ਇਹ ਢਾਂਚਾ ਭਗਵਾਨ ਸ਼ਿਵ ਦੀਆਂ ਪੌਰਾਣਿਕ ਸ਼ਕਤੀਆਂ ਨੂੰ ਦਰਸਾਉਂਦਾ ਹੈ।
ਇਹ ਯਾਤਰਾ ਰੱਖੜੀ ਦੇ ਤਿਉਹਾਰ ਦੇ ਨਾਲ ਸਾਵਣ ਪੂਰਨਮਾਸ਼ੀ ਮੌਕੇ 'ਤੇ ਸਮਾਪਤ ਹੋ ਰਹੀ ਹੈ। ਰਵਾਇਤੀ ਪੂਜਾ ਅਤੇ ਰੀਤੀ ਰਿਵਾਜਾਂ ਦੇ ਵਿਚਕਾਰ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਖੁਸ਼ਹਾਲੀ ਲਈ ਦਿਨ ਭਰ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ। ਜਿਸ ਤੋਂ ਬਾਅਦ ਛੜੀ ਮੁਬਾਰਕ ਪਹਿਲਗਾਮ ਰਾਹੀਂ ਪੰਚਤਰਨੀ ਵਾਪਸ ਪਰਤੇਗੀ। 14 ਅਗਸਤ ਨੂੰ ਸ਼੍ਰੀਨਗਰ ਦੇ ਦਸ਼ਨਾਮੀ ਅਖਾੜਾ ਮੰਦਰ ਤੋਂ ਛੜੀ ਮੁਬਾਰਕ ਰਵਾਨਾ ਹੋਈ ਸੀ। ਰਸਤੇ ਵਿਚ ਵੱਖ-ਵੱਖ ਮੰਦਰਾਂ ਵਿਚ ਪ੍ਰਾਰਥਨਾ ਕਰਨ ਤੋਂ ਬਾਅਦ ਇਹ 16 ਅਗਸਤ ਨੂੰ ਗੁਫਾ ਮੰਦਰ ਲਈ ਆਪਣੀ ਅਗਲੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਦੋ ਰਾਤਾਂ ਲਈ ਪਹਿਲਗਾਮ ਵਿਚ ਰੁਕੀ।
ਛੜੀ ਮੁਬਾਰਕ ਦੇ ਰਖਵਾਲੇ ਸਵਾਮੀ ਦੀਪੇਂਦਰ ਗਿਰੀ ਨੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੀ ਅਗਵਾਈ ਵਾਲੇ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (SASB) ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਲਈ ਕੀਤੇ ਗਏ ਬਿਹਤਰ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ। ਸਵਾਮੀ ਗਿਰੀ ਨੇ ਕਿਹਾ ਕਿ ਗੁਫਾ ਮੰਦਰ ਨੂੰ ਜਾਣ ਵਾਲੇ ਰਸਤੇ ਨੂੰ ਚੌੜਾ ਕਰਨ ਸਮੇਤ ਸਹੂਲਤਾਂ ਵਿਚ ਵਾਧਾ ਹੋਣ ਨਾਲ ਸ਼ਰਧਾਲੂਆਂ ਦੀ ਆਮਦ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਛੜੀ ਮੁਬਾਰਕ ਗੁਫਾ ਮੰਦਰ 'ਚ ਮਨੁੱਖਤਾ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਵਿਸ਼ੇਸ਼ ਪ੍ਰਾਰਥਨਾ ਕਰੇਗੀ।