ਅਮਰਨਾਥ ਯਾਤਰਾ ਨੂੰ ਬਚੇ ਕੁਝ ਦਿਨ, ਸੁਰੱਖਿਆ ਫੋਰਸ ਦੇ ਜਵਾਨਾਂ ਨੇ ਖਿੱਚੀ ਤਿਆਰੀ
Monday, Jun 24, 2019 - 12:02 PM (IST)

ਸ਼੍ਰੀਨਗਰ— ਅਮਰਨਾਥ ਯਾਤਰਾ ਸ਼ੁਰੂ ਹੋਣ 'ਚ ਕੁਝ ਦਿਨ ਹੀ ਬਾਕੀ ਰਹਿ ਗਏ ਹਨ, ਅਜਿਹੇ ਵਿਚ ਸੁਰੱਖਿਆ ਫੋਰਸ ਦੇ ਜਵਾਨ ਪੂਰੀ ਤਿਆਰੀ ਵਿਚ ਹਨ। ਹਾਲ ਹੀ 'ਚ ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਕਰਨ ਵਾਲੀਆਂ ਟੀਮਾਂ, ਆਈ. ਈ. ਡੀ. ਉਪਾਵਾਂ 'ਚ ਸੁਧਾਰ ਕਰਨ ਵਰਗੇ ਸੁਰੱਖਿਆ ਫੋਰਸ ਦੇ ਜਵਾਨ ਕਦਮ ਚੁੱਕ ਰਹੇ ਹਨ। ਅਧਿਕਾਰੀਆਂ ਮੁਤਾਬਕ ਯਾਤਰਾ ਨੂੰ ਸੁਰੱਖਿਅਤ ਕਰਨ ਲਈ ਹੈਲੀਕਾਪਟਰ ਜ਼ਰੀਏ ਨਿਗਰਾਨੀ ਕੀਤੀ ਜਾਵੇਗੀ। ਤੀਰਥ ਯਾਤਰਾ ਅਤੇ ਸੁਰੱਖਿਆ ਮੁਲਾਂਕਣ 'ਤੇ ਹਾਲ ਹੀ 'ਚ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ, ਜਿਸ ਵਿਚ ਰਾਮਬਨ ਅਤੇ ਜਵਾਹਰ ਸੁਰੰਗ ਵਿਚਾਲੇ ਰੋਡ ਓਪਨਿੰਗ ਨੂੰ ਹੈਲੀਕਾਪਟਰ ਅਤੇ ਡਰੋਨ ਜ਼ਰੀਏ ਨਿਗਰਾਨੀ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ।
ਕਿਸੇ ਤਰ੍ਹਾਂ ਦੇ ਆਈ. ਈ. ਡੀ. ਧਮਾਕਿਆਂ ਦੇ ਖਤਰਿਆਂ ਤੋਂ ਬੱਚਣ ਲਈ ਫੌਜ ਖਾਸ ਧਿਆਨ ਰੱਖੇਗੀ, ਤਾਂ ਕਿ ਤੀਰਥ ਯਾਤਰੀਆਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਬੰਬਾਂ ਦਾ ਪਤਾ ਲਾਉਣ ਅਤੇ ਉਸ ਨੂੰ ਨਕਾਰਾ ਕਰਨ ਲਈ ਬੰਬ ਰੋਕੂ ਟੀਮਾਂ ਦੇ ਨਾਲ-ਨਾਲ ਖੋਜੀ ਕੁੱਤੇ ਵੀ ਲਾਏ ਜਾਣਗੇ। ਨਿਗਰਾਨੀ ਅਤੇ ਸੰਚਾਰ ਯੰਤਰ ਤੁਰੰਤ ਕਾਰਵਾਈ ਟੀਮਾਂ ਨੂੰ ਪ੍ਰਦਾਨ ਕੀਤੇ ਗਏ ਹਨ, ਜੋ ਅੱਤਵਾਦੀਆਂ ਨਾਲ ਮੁਕਾਬਲੇ ਲਈ ਇਕ ਮਹੱਤਵਪੂਰਨ ਕਦਮ ਹੈ। ਇਨ੍ਹਾਂ ਟੀਮਾਂ ਨੇ ਜਨਵਰੀ 2018 ਤੋਂ ਇਸ ਸਾਲ ਮਾਰਚ ਤਕ 30 ਮੁਕਾਬਲਿਆਂ ਵਿਚ ਅੱਤਵਾਦੀਆਂ ਨੂੰ ਢੇਰ ਕੀਤਾ। ਇਸ ਲਈ ਟੀਮਾਂ ਦੇ ਸਾਜ਼ੋ-ਸਾਮਾਨ ਅਤੇ ਤਾਕਤ ਵਿਚ ਹੋਰ ਸੁਧਾਰ ਕੀਤਾ ਜਾਵੇਗਾ।
ਸੁਰੱਖਿਆ ਫੋਰਸ ਨੇ ਹੁਣ ਤਕ 115 ਅੱਤਵਾਦੀਆਂ ਨੂੰ ਢੇਰ ਕੀਤਾ, ਜਦਕਿ ਪਿਛਲੇ ਸਾਲ 257 ਅੱਤਵਾਦੀ ਜਵਾਨਾਂ ਵਲੋਂ ਮਾਰੇ ਗਏ ਸਨ। ਅਜੇ ਤਕ ਜੰਮੂ ਅਤੇ ਕਮਸ਼ੀਰ 'ਚ 290 ਅੱਤਵਾਦੀ ਸਰਗਰਮ ਹਨ, ਜਿਨ੍ਹਾਂ ਵਿਚ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨ ਸ਼ਾਮਲ ਹਨ। ਅੱਤਵਾਦੀਆਂ ਵਲੋਂ ਸੁਰੱਖਿਆ ਫੋਰਸ ਦੇ ਵਾਹਨਾਂ ਨੂੰ ਆਈ. ਈ. ਡੀ. ਧਮਾਕੇ ਜ਼ਰੀਏ ਉਡਾਇਆ ਜਾਂਦਾ ਹੈ, ਜੋ ਕਿ ਜਵਾਨਾਂ ਲਈ ਵੱਡੀ ਮੁਸੀਬਤ ਹੈ। ਹਾਲਾਂਕਿ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਤੋਂ ਬੱਚਣ ਲਈ ਸੁਰੱਖਿਆ ਫੋਰਸ ਵਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਰੋਕਿਆ ਜਾ ਸਕੇ। ਇੱਥੇ ਦੱਸ ਦੇਈਏ ਕਿ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਕੇ 15 ਅਗਸਤ ਨੂੰ ਖਤਮ ਹੋਵੇਗੀ। ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਤੀਰਥ ਯਾਤਰੀ ਅਮਰਨਾਥ ਯਾਤਰਾ ਲਈ ਪੁੱਜਦੇ ਹਨ।