ਅਮਰਨਾਥ ਯਾਤਰਾ : 1.95 ਲੱਖ ਤੀਰਥ ਯਾਤਰੀਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
Tuesday, Jul 16, 2019 - 03:36 PM (IST)

ਸ਼੍ਰੀਨਗਰ (ਵਾਰਤਾ)— 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਤੀਰਥ ਯਾਤਰਾ ਲਈ ਹੁਣ ਤਕ 1.95 ਲੱਖ ਤੀਰਥ ਯਾਤਰੀ ਦੱਖਣੀ ਕਸ਼ਮੀਰ ਵਿਚ ਹਿਮਾਲਿਆ ਸਥਿਤ ਪਵਿੱਤਰ ਅਮਰਨਾਥ ਗੁਫਾ 'ਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਸ ਦਰਮਿਆਨ ਪਹਿਲਗਾਮ ਅਤੇ ਬਾਲਟਾਲ ਤੋਂ ਅਮਰਨਾਥ ਯਾਤਰੀਆਂ ਦਾ ਨਵਾਂ ਜੱਥਾ ਮੰਗਲਵਾਰ ਨੂੰ ਰਵਾਨਾ ਹੋਇਆ। ਇਕ ਯਾਤਰਾ ਅਧਿਕਾਰੀ ਨੇ ਦੱਸਿਆ ਕਿ ਮੌਸਮ ਸੁਹਾਵਨਾ ਹੈ ਅਤੇ ਤੀਰਥ ਯਾਤਰੀ ਸਵੇਰ ਤੋਂ ਹੀ ਅਮਰਨਾਥ ਗੁਫਾ ਵੱਲ ਵਧ ਰਹੇ ਹਨ, ਜਿਨ੍ਹਾਂ ਨੇ ਬਾਬਾ ਬਰਫਾਨੀ ਦੇ ਕੱਲ ਦਰਸ਼ਨ ਕਰ ਲਏ ਹਨ, ਹੁਣ ਉਹ ਵਾਪਸ ਪਰਤ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 1 ਜੁਲਾਈ ਨੂੰ ਯਾਤਰਾ ਸ਼ੁਰੂ ਹੋਣ ਦੇ ਬਾਅਦ ਤੋਂ ਅੱਜ ਸਵੇਰੇ ਤੱਕ ਕਰੀਬ 1.95 ਲੱਖ ਤੀਰਥ ਯਾਤਰੀਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕਰ ਲਏ ਹਨ।
ਯਾਤਰਾ 15 ਅਗਸਤ ਨੂੰ ਖਤਮ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਔਰਤਾਂ, ਬੱਚਿਆਂ ਅਤੇ ਸਾਧੂਆਂ ਸਮੇਤ ਤੀਰਥ ਯਾਤਰੀਆਂ ਦਾ ਨਵਾਂ ਜੱਥਾ ਪਹਿਲਗਾਮ ਆਧਾਰ ਕੈਂਪ ਤੋਂ ਰਵਾਨਾ ਹੋ ਚੁੱਕਾ ਹੈ। ਇਸ ਦਰਮਿਆਨ ਮਾਰਗ ਵਿਚ ਪੈਣ ਵਾਲੇ ਚੰਦਨਵਾੜੀ ਸਮੇਤ ਵੱਖ-ਵੱਖ ਠਹਿਰਾਅ ਵਾਲੀਆਂ ਥਾਵਾਂ 'ਤੇ ਰੁੱਕਣ ਵਾਲੇ ਤੀਰਥ ਯਾਤਰੀ ਵੀ ਅੱਜ ਸਵੇਰੇ ਰਵਾਨਾ ਹੋ ਗਏ। ਬਾਲਟਾਲ ਦੇ ਆਧਾਰ ਕੈਂਪ ਤੋਂ ਵੀ ਤੀਰਥ ਯਾਤਰੀਆਂ ਦਾ ਨਵਾਂ ਜੱਥਾ ਮੰਗਲਵਾਰ ਸਵੇਰੇ ਰਵਾਨਾ ਹੋਇਆ। ਤੀਰਥ ਯਾਤਰੀਆਂ ਵਿਚ ਔਰਤਾਂ, ਬੱਚੇ ਅਤੇ ਸਾਧੂ ਵੀ ਸ਼ਾਮਲ ਹਨ। ਸੋਮਵਾਰ ਨੂੰ ਤੀਰਥ ਯਾਤਰਾ ਦੇ 15ਵੇਂ ਦਿਨ 10,833 ਤੀਰਥ ਯਾਤਰੀਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਹਨ। ਇਸ ਦਰਮਿਆਨ ਹੈਲੀਕਾਪਟਰ ਸੇਵਾ ਵੀ ਦੋਹਾਂ ਪਾਸਿਓਂ ਆਮ ਰੂਪ ਨਾਲ ਚਲ ਰਹੀ ਹੈ। ਕੁਝ ਤੀਰਥ ਯਾਤਰੀ ਬਾਬਾ ਬਰਫਾਨੀ ਦੇ ਦਰਸ਼ਨਾਂ ਤੋਂ ਬਾਅਦ ਘਰ ਜਾਣ ਤੋਂ ਪਹਿਲਾਂ ਗੁਲਮਰਗ, ਸੋਨਮਰਗ ਅਤੇ ਪਹਿਲਗਾਮ ਸਮੇਤ ਡੱਲ ਝੀਲ ਅਤੇ ਹੋਰ ਸੈਰ-ਸਪਾਟਾ ਵਾਲੀਆਂ ਥਾਵਾਂ ਦੀ ਯਾਤਰਾ ਦਾ ਵੀ ਆਨੰਦ ਮਾਣ ਰਹੇ ਹਨ।