ਅਮਰਨਾਥ ਯਾਤਰੀਆਂ ਲਈ ਚੰਗੀ ਖਬਰ, 1 ਜੁਲਾਈ ਤੋਂ ਚੱਲੇਗੀ ਸਪੈਸ਼ਲ ਟਰੇਨ
Wednesday, Jun 26, 2019 - 08:44 PM (IST)

ਸ਼੍ਰੀਨਗਰ: ਗ੍ਰਹਿ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਪਹੁੰਚੇ ਅਮਿਤ ਸ਼ਾਹ ਨੇ ਰਾਜਭਵਨ 'ਚ ਅਮਰਨਾਥ ਯਾਤਰਾ ਨੂੰ ਲੈ ਕੇ ਸਮੀਖਿਆ ਬੈਠਕ ਕੀਤੀ। ਇਸ ਵਿਚਾਲੇ ਅਮਰਨਾਥ ਯਾਤਰੀਆਂ ਲਈ ਚੰਗੀ ਖਬਰ ਆਈ ਹੈ। ਬਾਬਾ ਅਮਰਨਾਥ ਦਾ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਰੇਲਵੇ 1 ਜੁਲਾਈ ਤੋਂ ਇਕ ਸਪੈਸ਼ਲ ਟਰੇਨ ਚਲਾਉਣ ਜਾ ਰਿਹਾ ਹੈ, ਜੋ ਹਫਤੇ 'ਚ 2 ਵਾਰ ਚਲਾਈ ਜਾਵੇਗੀ। ਦਿੱਲੀ ਦੇ ਆਨੰਦ ਵਿਹਾਰ ਤੋਂ ਇਹ ਟਰੇਨ ਸੋਮਵਾਰ ਤੇ ਸ਼ੁੱਕਰਵਾਰ ਨੂੰ ਚੱਲੇਗੀ ਤੇ ਉਥੇ ਹੀ ਉਧਮਪੁਰ ਤੋਂ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਚੱਲੇਗੀ। ਇਹ ਟਰੇਨ ਆਨੰਦ ਵਿਹਾਰ ਤੋਂ ਸ਼ੁਰੂ ਹੋ ਕੇ ਗਾਜ਼ਿਆਬਾਦ, ਮੇਰਠ, ਅੰਬਾਲਾ ਕੈਂਟ, ਲੁਧਿਆਣਾ, ਜੰਮੂ ਤਵੀ ਹੁੰਦੇ ਹੋਏ ਉਧਮਪੁਰ ਤਕ ਜਾਵੇਗੀ। ਇਸ ਸਾਲ ਅਮਰਨਾਥ ਯਾਤਰਾ ਇਕ ਜੁਲਾਈ ਨੂੰ ਸ਼ੁਰੂ ਹੋਵੇਗੀ ਤੇ 15 ਅਗਸਤ ਤਕ ਚੱਲੇਗੀ।
ਕੇਂਦਰ ਸਰਕਾਰ ਤੇ ਸੂਬਾ ਪ੍ਰਸ਼ਾਸਨ ਇਸ ਵਾਰ ਅਮਰਨਾਥ ਯਾਤਰਾ 'ਚ ਸੁਰੱਖਿਆ ਨੂੰ ਲੈ ਕੇ ਬੇਹੱਦ ਸਾਵਧਾਨੀ ਵਰਤ ਰਹੀ ਹੈ। ਇਸ ਦੇ ਮੱਦੇਨਜ਼ਰ ਚਾਰੇ ਪਾਸੇ ਸੁਰੱਖਿਆ ਵਿਚਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼੍ਰੀਨਗਰ ਪਹੁੰਚੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਸੁਰੱਖਿਆ ਤੇ ਵਿਕਾਸ ਕਾਰਜਾਂ ਦੀ ਸਮੀਖਿਆ ਦੇ ਨਾਲ ਜੰਮੂ ਕਸ਼ਮੀਰ 'ਚ ਸਰਕਾਰ ਬਣਾਉਣ ਦੀ ਸੰਭਾਵਨਾਵਾਂ ਵੀ ਤਲਾਸ਼ਣਗੇ।