ਅਮਰਨਾਥ ਯਾਤਰਾ : 5,696 ਸ਼ਰਧਾਲੂਆਂ ਦਾ 7ਵਾਂ ਜੱਥਾ ਜੰਮੂ ਬੇਸ ਕੈਂਪ ਤੋਂ ਪਵਿੱਤਰ ਗੁਫਾ ਲਈ ਰਵਾਨਾ
Friday, Jul 05, 2024 - 10:32 AM (IST)
ਜੰਮੂ (ਕਮਲ)- ਕਸ਼ਮੀਰ ਦੇ ਹਿਮਾਲੀਅਨ ਪਹਾੜਾਂ ’ਚ ਸਥਿਤ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਅਮਰਨਾਥ ਯਾਤਰਾ ਜਾਰੀ ਹੈ । ਲੱਗਭਗ 5,696 ਯਾਤਰੀਆਂ ਦਾ 7ਵਾਂ ਜੱਥਾ ਜੰਮੂ ਦੇ ਬੇਸ ਕੈਂਪ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਦੱਖਣੀ ਕਸ਼ਮੀਰ ਦੇ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪਾਂ ਲਈ ਰਵਾਨਾ ਹੋਇਆ।
ਸ਼ਰਧਾਲੂਆਂ ਦਾ ਕਾਫਲਾ 2 ਸੀ. ਆਰ. ਪੀ. ਐੱਫ. ਦੇ ਸੁਰੱਖਿਆ ਕਵਚ ’ਚ ਵਾਦੀ ਲਈ ਰਵਾਨਾ ਹੋਇਆ ਜਿਨ੍ਹਾਂ ਵਿਚ 2,028 ਸ਼ਰਧਾਲੂ 97 ਵਾਹਨਾਂ ਦੇ ਸੁਰੱਖਿਆ ਘੇਰੇ ਵਿਚ ਸਵੇਰੇ 3.13 ਵਜੇ ਉੱਤਰੀ ਕਸ਼ਮੀਰ ਦੇ ਬਾਲਟਾਲ ਬੇਸ ਕੈਂਪ ਲਈ ਨਿਕਲੇ ਜਦੋਂਕਿ 3,668 ਸ਼ਰਧਾਲੂ 122 ਵਾਹਨਾਂ ਦੇ ਸੁਰੱਖਿਆ ਕਾਫਲੇ ਵਿਚ ਸਵੇਰੇ 3.40 ਵਜੇ ਦੱਖਣੀ ਕਸ਼ਮੀਰ ਦੇ ਨੁਨਵਾਨ (ਪਹਿਲਗਾਮ) ਬੇਸ ਕੈਂਪ ਲਈ ਰਵਾਨਾ ਹੋਏ।
ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਏ ਜਥੇ ਵਿਚ 1591 ਮਰਦ, 360 ਔਰਤਾਂ, 5 ਬੱਚੇ, 64 ਸਾਧੂ ਅਤੇ 8 ਸਾਧਵੀਆਂ ਸ਼ਾਮਲ ਸਨ, ਜਦਕਿ ਪਹਿਲਗਾਮ ਬੇਸ ਕੈਂਪ ਲਈ ਭੇਜੇ ਗਏ ਜਥੇ ਵਿਚ 2,896 ਮਰਦ, 651 ਔਰਤਾਂ, 5 ਬੱਚੇ, 103 ਸਾਧੂ ਅਤੇ 13 ਸਾਧਵੀਆਂ ਸ਼ਾਮਲ ਸਨ। ਇਸ ਸਾਲ 29 ਜੂਨ ਨੂੰ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਤੋਂ 1 ਲੱਖ ਤੋਂ ਜ਼ਿਆਦਾ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ।
ਜੰਮੂ ਤੋਂ ਰਵਾਨਾ ਹੋਣ ਸਮੇਂ ਸਵੇਰ ਦਾ ਮੌਸਮ ਕਾਫੀ ਸੁਹਾਵਣਾ ਸੀ। ਜੰਮੂ ਵਿਚ ਹਲਕੀ ਬਾਰਿਸ਼ ਹੋਈ ਪਰ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਈ। ਦੇਰ ਸ਼ਾਮ ਤੱਕ ਜੰਮੂ ਤੋਂ ਰਵਾਨਾ ਹੋਏ ਅਮਰਨਾਥ ਯਾਤਰੀ ਆਪੋ-ਆਪਣੇ ਟਿਕਾਣਿਆਂ ’ਤੇ ਪਹੁੰਚ ਗਏ ਸਨ। ਮੌਸਮ ਵਿਭਾਗ ਨੇ ਦੋਹਾਂ ਯਾਤਰਾ ਮਾਰਗਾਂ ’ਤੇ ਆਮ ਤੌਰ ’ਤੇ ਬੱਦਲ ਛਾਏ ਰਹਿਣ ਅਤੇ ਦਿਨ ਵੇਲੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ।