ਅਮਰਨਾਥ ਯਾਤਰਾ: ਹੁਣ ਤੱਕ 2.51 ਲੱਖ ਸ਼ਰਧਾਲੂਆਂ ਨੇ ਕੀਤੇ ਪਵਿੱਤਰ ਹਿਮ ਸ਼ਿਵਲਿੰਗ ਦੇ ਦਰਸ਼ਨ

Wednesday, Jul 19, 2023 - 10:10 AM (IST)

ਅਮਰਨਾਥ ਯਾਤਰਾ: ਹੁਣ ਤੱਕ 2.51 ਲੱਖ ਸ਼ਰਧਾਲੂਆਂ ਨੇ ਕੀਤੇ ਪਵਿੱਤਰ ਹਿਮ ਸ਼ਿਵਲਿੰਗ ਦੇ ਦਰਸ਼ਨ

ਜੰਮੂ (ਉਦੇ)-  ਬਾਬਾ ਬਰਫਾਨੀ ਦੇ ਜੈਕਾਰੇ ਲਾਉਂਦੇ ਅਤੇ ਭਜਨ ਗਾਉਂਦੇ ਹੋਏ 6226 ਸ਼ਰਧਾਲੂਆਂ ਦਾ 16ਵਾਂ ਜਥਾ ਮੰਗਲਵਾਰ ਨੂੰ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਇਆ। ਮੰਗਲਵਾਰ ਤੜਕੇ ਪਏ ਮੀਂਹ ਦਰਮਿਆਨ ਸ਼ਰਧਾਲੂਆਂ ਦਾ ਉਤਸ਼ਾਹ ਬਰਕਰਾਰ ਰਿਹਾ ਅਤੇ 217 ਵਾਹਨਾਂ ’ਚ ਸਵਾਰ ਹੋ ਕੇ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਨਿਕਲੇ। ਪਿਛਲੇ 17 ਦਿਨਾਂ ’ਚ ਹੁਣ ਤੱਕ 2.51 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਅਮਰਨਾਥ ਯਾਤਰਾ ਦੇ ਬੇਸ ਕੈਂਪ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ’ਚ ਸ਼ਰਧਾਲੂ ਆਰ. ਐੱਫ. ਆਈ. ਡੀ. ਕਾਰਡ ਅਤੇ ਟੋਕਨ ਮਿਲਣ ’ਤੇ ਕਾਫ਼ੀ ਉਤਸ਼ਾਹਤ ਸਨ। ਜਾਂਚ ਤੋਂ ਬਾਅਦ ਸਖ਼ਤ ਸੁਰੱਖਿਆ ਦਰਮਿਆਨ ਸ਼ਰਧਾਲੂਆਂ ਨੂੰ ਬੱਸਾਂ, ਹਲਕੇ ਵਾਹਨਾਂ ’ਚ ਬਾਲਟਾਲ ਅਤੇ ਪਹਿਲਗਾਮ ਲਈ ਰਵਾਨਾ ਕੀਤਾ ਗਿਆ।

16ਵੇਂ ਜਥੇ ’ਚ 6226 ਸ਼ਰਧਾਲ ਹੋਏ ਰਵਾਨਾ

ਪਹਿਲਗਾਮ ਲਈ ਰਵਾਨਾ ਕੀਤੇ ਗਏ ਸ਼ਰਧਾਲੂਆਂ ’ਚ 2790 ਪੁਰਸ਼, 793 ਔਰਤਾਂ, 18 ਬੱਚੇ, 101 ਸਾਧੂ, 12 ਸਾਧਵੀਆਂ ਸ਼ਾਮਲ ਹਨ। ਇਸੇ ਤਰ੍ਹਾਂ ਬਾਲਟਾਲ ਲਈ 1545 ਪੁਰਸ਼, 955 ਔਰਤਾਂ, 7 ਬੱਚੇ, 4 ਸਾਧੂ ਸ਼ਾਮਲ ਹਨ। ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ 6226 ਸ਼ਰਧਾਲੂਆਂ ਦਾ ਜਥਾ 217 ਵਾਹਨਾਂ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਸ਼ਮੀਰ ਭੇਜਿਆ ਗਿਆ। ਸੋਮਾਵਤੀ ਮੱਸਿਆ ’ਤੇ 22,262 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਅਤੇ ਅਮਰਨਾਥ ਗੁਫਾ ਦੇ ਨੇੜੇ ਵਹਿਣ ਵਾਲੀ ਪਵਿੱਤਰ ਨਦੀ ’ਚ ਇਸ਼ਨਾਨ ਕੀਤਾ।

30 ਸ਼ਰਧਾਲੂਆਂ ਦੀ ਹੋ ਚੁੱਕੀ ਹੈ ਮੌਤ

ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆਏ 30 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਬਾਲਟਾਲ ਅਤੇ ਪਹਿਲਗਾਮ ਤੋਂ ਔਖੀ ਚੜ੍ਹਾਈ ਚੜ੍ਹਦੇ ਸਮੇਂ ਅਤੇ ਸਿਹਤ ਵਿਗੜਣ ’ਤੇ ਸ਼ਰਧਾਲੂਆਂ ਦੀ ਮੌਤ ਹੋਈ ਹੈ। ਸੋਮਵਾਰ ਨੂੰ 3 ਸ਼ਰਧਾਲੂਆਂ ਦੀ ਮੌਤ ਹੋਈ, ਜੋ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਰਹਿਣ ਵਾਲੇ ਸਨ। ਹਾਲਾਂਕਿ ਯਾਤਰਾ ਮਾਰਗ ’ਤੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਆਕਸੀਜਨ ਸਮੇਤ ਹੋਰ ਸਿਹਤ ਸਹੂਲਤਾਂ ਦਾ ਵਿਆਪਕ ਪ੍ਰਬੰਧ ਕੀਤਾ ਹੋਇਆ ਹੈ।

ਯਾਤਰਾ ਨੂੰ ਲੈ ਕੇ ਨੌਜਵਾਨਾਂ ’ਚ ਖਾਸਾ ਉਤਸ਼ਾਹ

ਬਾਬਾ ਬਰਫਾਨੀ ਦੇ ਦਰਸ਼ਨਾਂ ਨੂੰ ਲੈ ਕੇ ਨੌਜਵਾਨਾਂ ’ਚ ਵੀ ਖਾਸਾ ਉਤਸ਼ਾਹ ਹੈ। ਯਾਤਰਾ ’ਚ ਸ਼ਾਮਲ 20 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਭੋਲੇ ਸ਼ੰਕਰ ਦੇ ਰੰਗ ’ਚ ਰੰਗੇ ਹੋਏ ਹਨ। ਜੰਮੂ ਪੁੱਜਣ ’ਤੇ ਪੂਰਾ ਮਾਹੌਲ ਸ਼ਿਵਮਈ ਮਿਲ ਰਿਹਾ ਹੈ। ਬੇਸ ਕੈਂਪ ਤੋਂ ਲੈ ਕੇ ਬਾਲਟਾਲ ਅਤੇ ਪਹਿਲਗਾਮ ਮਾਰਗ ’ਤੇ ਲੱਗੇ ਭੰਡਾਰੇ ਵੀ ਖਿੱਚ ਦਾ ਕੇਂਦਰ ਹਨ, ਜਿੱਥੇ ਸਿਹਤ ਮੁਤਾਬਕ ਲਜ਼ੀਜ਼ ਪਕਵਾਨ ਸ਼ਰਧਾਲੂਆਂ ਨੂੰ ਪਰੋਸੇ ਜਾ ਰਹੇ ਹਨ।


author

Tanu

Content Editor

Related News