ਅਜੀਤ ਪਵਾਰ ਬੋਲੇ-ਭਾਜਪਾ ’ਚ ਨਹੀਂ ਜਾ ਰਿਹਾ, ਜਦ ਤੱਕ ਜ਼ਿੰਦਾ ਹਾਂ, ਰਾਕਾਂਪਾ ਦੇ ਨਾਲ ਰਹਾਂਗਾ
Wednesday, Apr 19, 2023 - 11:48 AM (IST)
ਪੁਣੇ, (ਭਾਸ਼ਾ )- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਸੀਨੀਅਰ ਨੇਤਾ ਅਜੀਤ ਪਵਾਰ ਨੇ ਮੰਗਲਵਾਰ ਕਿਹਾ ਕਿ ਉਹ ਜਦੋਂ ਤੱਕ ਜ਼ਿੰਦਾ ਹਨ, ਆਪਣੀ ਪਾਰਟੀ ਲਈ ਕੰਮ ਕਰਦੇ ਰਹਿਣਗੇ।
ਇਸ ਦੇ ਨਾਲ ਹੀ ਪਵਾਰ ਨੇ ਉਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਆਪਣੇ ਨੇੜਲੇ ਵਿਧਾਇਕਾਂ ਦੇ ਇੱਕ ਗਰੁੱਪ ਨਾਲ ਗਠਜੋੜ ਕਰ ਸਕਦੇ ਹਨ। ਅਜੀਤ ਨੇ ਕਿਹਾ ਕਿ ਅਸੀਂ ਸਾਰੇ ਪਾਰਟੀ ਦੇ ਵਿਧਾਇਕ ਰਾਕਾਂਪਾ ਦੇ ਨਾਲ ਹਾਂ। ਜਦੋਂ ਤੱਕ ਮੈਂ ਜਿਉਂਦਾ ਹਾਂ, ਰਾਕਾਂਪਾ ਲਈ ਕੰਮ ਕਰਦਾ ਰਹਾਂਗਾ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਆਪਣੇ ਭਤੀਜੇ ਅਤੇ ਪਾਰਟੀ ਦੇ ਸੀਨੀਅਰ ਨੇਤਾ ਅਜੀਤ ਪਵਾਰ ਦੇ ਭਵਿੱਖ ਦੇ ਸਿਆਸੀ ਰਾਹ ਬਾਰੇ ਅਟਕਲਾਂ ਨੂੰ ਖਾਰਜ ਕਰਦੇ ਹੋਏ ਮੰਗਲਵਾਰ ਕਿਹਾ ਕਿ ਪਾਰਟੀ ਵਿਧਾਇਕਾਂ ਦੀ ਕਿਸੇ ਨੇ ਕੋਈ ਮੀਟਿੰਗ ਨਹੀਂ ਸੱਦੀ ਹੈ।
ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਾਲ ਆਪਣੀ ਵਧਦੀ ਨੇੜਤਾ ਬਾਰੇ ਮਹਾਰਾਸ਼ਟਰ ਦੇ ਸਿਆਸੀ ਹਲਕਿਆਂ ਵਿੱਚ ਅਟਕਲਾਂ ਦਰਮਿਆਨ ਅਜੀਤ ਪਵਾਰ ਨੇ ਸੋਮਵਾਰ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਸੀ ਕਿ ਉਨ੍ਹਾਂ ਮੰਗਲਵਾਰ ਨੂੰ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ।
ਸ਼ਰਦ ਪਵਾਰ ਨੇ ਪੁਣੇ ਜ਼ਿਲੇ ਦੇ ਪੁਰੰਦਰ ਇਲਾਕੇ ’ਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਮੀਡੀਆ ਦੇ ਦਿਮਾਗ ’ਚ ਜੋ ਚਰਚਾ ਚੱਲ ਰਹੀ ਹੈ, ਉਹ ਸਾਡੇ ਦਿਮਾਗ ’ਚ ਨਹੀਂ ਚੱਲ ਰਹੀ। ਇਸ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਨ੍ਹਾਂ ਖ਼ਬਰਾਂ ਦਾ ਕੋਈ ਮਤਲਬ ਨਹੀਂ ਹੈ। ਮੈਂ ਐੱਨ. ਸੀ. ਪੀ. ਅਤੇ ਆਪਣੇ ਸਾਰੇ ਸਾਥੀਆਂ ਬਾਰੇ ਇਹ ਕਹਿ ਸਕਦਾ ਹਾਂ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਡੇ ਕੋਲ ਇੱਕ ਹੀ ਵਿਚਾਰ ਹੈ। ਕਿਸੇ ਦੇ ਮਨ ਵਿੱਚ ਹੋਰ ਕੋਈ ਵਿਚਾਰ ਨਹੀਂ । ਪਵਾਰ ਨੇ ਐੱਨ. ਸੀ. ਪੀ. ਵਿਧਾਇਕਾਂ ਦੀ ਮੁੰਬਈ ਵਿੱਚ ਮੀਟਿੰਗ ਬੁਲਾਏ ਜਾਣ ਦੀਆਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਿਸੇ ਨੇ ਵੀ ਅਜਿਹੀ ਕੋਈ ਮੀਟਿੰਗ ਨਹੀਂ ਬੁਲਾਈ।
ਉਨ੍ਹਾਂ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਜਯੰਤ ਪਾਟਿਲ ਆਪਣੇ ਖੇਤਰ ਵਿੱਚ ਸਥਾਨਕ ਚੋਣਾਂ ਵਿੱਚ ਰੁੱਝੇ ਹੋਏ ਹਨ ਤੇ ਅਜੀਤ ਪਵਾਰ ਪਾਰਟੀ ਦੇ ਕੰਮਾਂ ਵਿੱਚ ਰੁੱਝੇ ਹੋਏ ਹਨ। ਉਹ ਸਾਰਿਆਂ ਨੂੰ ਮਾਰਗਦਰਸ਼ਨ ਦੇ ਰਹੇ ਹਨ।