ਕਾਂਗਰਸ ਨਾਲ ਗਠਜੋੜ ਸਮੇਂ ਦੀ ਮੰਗ : ਫਾਰੂਕ ਅਬਦੁੱਲਾ
Wednesday, Sep 04, 2024 - 04:40 PM (IST)
ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੈਕਾਂ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਨਾਲ ਉਨ੍ਹਾਂ ਦੀ ਪਾਰਟੀ ਦਾ ਗਠਜੋੜ ਕੋਈ ਮਜ਼ਬੂਰੀ ਨਹੀਂ ਹੈ, ਸਗੋਂ ਜੰਮੂ ਕਸ਼ਮੀਰ ਦੇ ਵਿਕਾਸ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਰਾਜ ਦਾ ਦਰਜਾ ਬਹਾਲ ਕਰਨ ਲਈ ਸਮੇਂ ਦੀ ਮੰਗ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦੌਰਾ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਜੋ ਜੰਮੂ ਕਸ਼ਮੀਰ 'ਚ ਮੁੱਖ ਧਾਰਾ ਦੇ ਨੇਤਾਵਾਂ ਨੂੰ ਪਾਕਿਸਤਾਨੀ ਕਹਿੰਦੇ ਹਨ। ਦੱਖਣ ਕਸ਼ਮੀਰ 'ਚ ਰਾਹੁਲ ਗਾਂਧੀ ਦੀ ਚੋਣ ਰੈਲੀ 'ਚ ਹਿੱਸਾ ਲੈਣ ਲਈ ਆਪਣੇ ਘਰੋਂ ਨਿਕਲਦੇ ਸਮੇਂ ਅਬਦੁੱਲਾ ਨੇ ਕਿਹਾ,''ਇਹ (ਗਠਜੋੜ) ਕੋਈ ਮਜ਼ਬੂਰੀ ਨਹੀਂ ਹੈ। ਇਹ ਸਮੇਂ ਦੀ ਮੰਗ ਹੈ। ਅਸੀਂ ਜੰਮੂ ਕਸ਼ਮੀਰ ਦੇ ਵਿਕਾਸ ਲਈ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਚਾਹੁੰਦੇ ਹਨ।'' ਨੈਕਾਂ ਪ੍ਰਧਾਨ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਕਾਂਗਰਸ ਨਾਲ ਗਠਜੋੜ ਉਨ੍ਹਾਂ ਦੀ ਪਾਰਟੀ ਲਈ ਮਜ਼ਬੂਰੀ ਹੈ?
ਉਨ੍ਹਾਂ ਕਿਹਾ,''ਉਹ (ਰਾਹੁਲ) ਸਾਡੇ ਦੇਸ਼ ਲਈ ਇਕ ਵੱਡੀ ਆਵਾਜ਼ ਹੈ। ਇਹ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ, ਜਿਨ੍ਹਾਂ ਨੇ ਸਾਡੇ 'ਤੇ ਪਾਕਿਸਤਾਨੀ ਹੋਣ ਦਾ ਦੋਸ਼ ਲਗਾਇਆ ਸੀ। ਮੈਂ ਉਮੀਦ ਕਰਦਾ ਹਾਂ ਕਿ ਦੇਸ਼ ਦੇ ਲੋਕ ਸਮਝਣਗੇ ਕਿ ਅਸੀਂ ਰਾਜ (ਜੰਮੂ ਅਤੇ ਕਸ਼ਮੀਰ) ਨੂੰ ਇਸ ਮੁਸ਼ਕਲ ਦੌਰ ਤੋਂ ਬਾਹਰ ਨਿਕਲਣਾ ਅਤੇ ਵਿਕਾਸ ਕਰਨਾ ਚਾਹੁੰਦੇ ਹਾਂ। ਮੈਂ ਪਹਿਲੀ ਵਾਰ ਦੇਖਿਆ ਹੈ ਕਿ ਕਿਸੇ ਰਾਜ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਬਦਲ ਦਿੱਤਾ ਗਿਆ ਹੈ। ਇਸ ਨੂੰ ਬਦਲਣਾ ਚਾਹੀਦਾ ਅਤੇ ਪੂਰਨ ਰਾਜ ਦਾ ਦਰਜਾ ਬਹਾਲ ਕੀਤਾ ਜਾਣਾ ਚਾਹੀਦਾ...ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ।'' ਇਕ ਸਵਾਲ ਦੇ ਜਵਾਬ 'ਚ ਅਬਦੁੱਲਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਨੈਕਾਂ ਨੂੰ ਹੋਰ ਪਾਰਟੀਆਂ ਦੀ ਤਰ੍ਹਾਂ ਖਿੱਚੋਤਾਣ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਉਂਕਿ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਦੀ ਪਾਰਟੀ ਕੁਝ ਚੰਗਾ ਕਰਨ ਦੀ ਸਥਿਤੀ 'ਚ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਵਲੋਂ ਨੈਕਾਂ ਖ਼ਿਲਾਫ਼ ਦਿੱਤੇ ਗਏ ਬਿਆਨਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਅਬਦੁੱਲਾ ਨੇ ਕਿਹਾ ਕਿ ਉਹ ਵੱਖ-ਵੱਖ ਬਿਆਨ ਦਿੰਦੀ ਰਹਿੰਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8