69 ਹਜ਼ਾਰ ਸਹਾਇਕ ਅਧਿਆਪਕਾਂ ਦੀ ਭਰਤੀ ''ਤੇ ਲਟਕੀ ਤਲਵਾਰ, ਹਾਈ ਕੋਰਟ ਨੇ ਲਾਈ ਅੰਤਰਿਮ ਰੋਕ

06/03/2020 12:48:48 PM

ਲਖਨਊ (ਭਾਸ਼ਾ)— ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਬੁੱਧਵਾਰ ਭਾਵ ਅੱਜ ਉੱਤਰ ਪ੍ਰਦੇਸ਼ 'ਚ 69 ਹਜ਼ਾਰ ਸਹਾਇਕ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ 'ਤੇ ਅੰਤਰਿਮ ਰੋਕ ਲਾ ਦਿੱਤੀ। ਦਰਅਸਲ ਪਟੀਸ਼ਨਕਰਤਾਵਾਂ ਨੇ ਐਲਾਨੇ ਪ੍ਰੀਖਿਆ ਦੇ ਨਤੀਜੇ 'ਚ ਕੁਝ ਪ੍ਰਸ਼ਨਾਂ ਦੀ ਅਸਲੀਅਤ 'ਤੇ ਸਵਾਲ ਚੁੱਕਿਆ ਸੀ। ਇਸ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਭਰਤੀ ਪ੍ਰਕਿਰਿਆ 'ਤੇ ਰੋਕ ਲਾ ਦਿੱਤੀ ਹੈ। ਹੁਣ ਅਗਲੀ ਸੁਣਵਾਈ 12 ਜੁਲਾਈ ਨੂੰ ਹੋਵੇਗੀ। ਅੰਤਰਿਮ ਰੋਕ ਦਾ ਹੁਕਮ ਜਸਟਿਸ ਆਲੋਕ ਮਾਥੁਰ ਦੀ ਬੈਂਚ ਨੇ ਦਰਜਨਾਂ ਪਟੀਸ਼ਨਕਰਤਾਵਾਂ ਦੀਆਂ ਪਟੀਸ਼ਨਾਂ 'ਤੇ ਇਕੱਠੇ ਸੁਣਵਾਈ ਕਰ ਕੇ ਜਾਰੀ ਕੀਤਾ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਅਦਾਲਤ ਨੇ 1 ਜੂਨ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ, ਜਿਸ ਨੂੰ ਅੱਜ ਸੁਣਾਇਆ ਗਿਆ।

ਅਦਾਲਤ ਨੇ ਪਟੀਸ਼ਨਕਰਤਾਵਾਂ ਨੂੰ ਵਿਵਾਦਿਤ ਪ੍ਰਸ਼ਨਾਂ 'ਤੇ ਆਪਣੇ ਇਤਰਾਜ਼ ਇਕ ਹਫਤੇ ਦੇ ਅੰਦਰ ਸੂਬਾ ਸਰਕਾਰ ਦੇ ਸਾਹਮਣੇ ਪੇਸ਼ ਕਰਨ ਨੂੰ ਕਿਹਾ ਹੈ। ਸੂਬਾ ਸਰਕਾਰ ਇਨ੍ਹਾਂ ਇਤਰਾਜ਼ਾਂ ਨੂੰ ਵਿਸ਼ਵ ਵਿਦਿਆਲਿਆ ਗਰਾਂਟ ਕਮਿਸ਼ਨ ਕੋਲ ਭੇਜ ਦੇਵੇਗੀ ਅਤੇ ਕਮਿਸ਼ਨ ਇਨ੍ਹਾਂ ਦਾ ਨਿਪਟਾਰਾ ਕਰੇਗਾ। ਸੂਬਾ ਸਰਕਾਰ ਵਲੋਂ ਐਡਵੋਕੇਟ ਜਨਰਲ ਰਾਘਵਿੰਦਰ ਸਿੰਘ ਅਤੇ ਵਧੀਕ ਮੁੱਖ ਸਥਾਈ ਐਡਵੋਕੇਟ ਰਣਵਿਜੇ ਸਿੰਘ ਨੇ ਪੱਖ ਰੱਖਿਆ ਸੀ, ਜਦਕਿ ਵੱਖ-ਵੱਖ ਪਟੀਸ਼ਨਾਂ ਵਲੋਂ ਸੀਨੀਅਰ ਐਡਵੋਕੇਟ ਐੱਲ. ਪੀ. ਮਿਸ਼ਰਾ, ਐੱਚ. ਜੀ. ਪਰਿਹਾਰ, ਸੁਦੀਪ ਸੇਠ ਆਦਿ ਨੇ ਪੱਖ ਰੱਖਿਆ। ਜ਼ਿਕਰਯੋਗ ਹੈ ਕਿ ਸਰਕਾਰ ਨਿਯੁਕਤੀਆਂ ਪੂਰੀ ਕਰਨ 'ਚ ਵੱਡੀ ਤਿਆਰੀ ਕਰ ਰਹੀ ਸੀ। ਸਰਕਾਰ ਦਾ ਮੰਨਣਾ ਸੀ ਕਿ ਇਸ ਕੋਰੋਨਾ ਕਾਲ ਵਿਚ ਛੇਤੀ ਹੀ ਨਿਯੁਕਤੀਆਂ ਹੋਣ 'ਤੇ ਕਈ ਲਾਭਪਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।


Tanu

Content Editor

Related News