ਜਸਟਿਸ ਯਸ਼ਵੰਤ ਵਰਮਾ ਵਿਵਾਦ ਦਰਮਿਆਨ ਇਲਾਹਾਬਾਦ ਹਾਈ ਕੋਰਟ ਨੂੰ ਮਿਲੇ 2 ਨਵੇਂ ਜੱਜ
Wednesday, Mar 26, 2025 - 09:13 PM (IST)

ਪ੍ਰਯਾਗਰਾਜ- ਜਸਟਿਸ ਯਸ਼ਵੰਤ ਵਰਮਾ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਇਲਾਹਾਬਾਦ ਹਾਈ ਕੋਰਟ ’ਚ 2 ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਸੁਪਰੀਮ ਕੋਰਟ ਕਾਲੇਜੀਅਮ ਨੇ 2 ਵਕੀਲਾਂ ਨੂੰ ਜੱਜ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਕਾਲੇਜੀਅਮ ਦੀ ਮੀਟਿੰਗ ’ਚ ਅਮਿਤਾਭ ਕੁਮਾਰ ਰਾਏ ਤੇ ਰਾਜੀਵ ਲੋਚਨ ਸ਼ੁਕਲਾ ਨੂੰ ਹਾਈ ਕੋਰਟ ਦਾ ਜੱਜ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ।
ਸੁਪਰੀਮ ਕੋਰਟ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ 25 ਮਾਰਚ ਨੂੰ ਕਾਲੇਜੀਅਮ ਦੀ ਮੀਟਿੰਗ ’ਚ ਉਕਤ ਦੋਹਾਂ ਨੂੰ ਜੱਜ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਅਮਿਤਾਭ ਰਾਏ ਲਖਨਊ ਦੇ ਰਹਿਣ ਵਾਲੇ ਹਨ ਜਦੋਂ ਕਿ ਰਾਜੀਵ ਪ੍ਰਯਾਗਰਾਜ ਦੇ ਹਨ। ਰਾਜੀਵ ਦੀ ਗਿਣਤੀ ਹੁਣ ਤਕ ਅਪਰਾਧਿਕ ਮਾਮਲਿਆਂ ਦੇ ਚੰਗੇ ਵਕੀਲਾਂ ’ਚ ਕੀਤੀ ਜਾਂਦੀ ਸੀ। ਉਨ੍ਹਾਂ ਦੇ ਦਾਦਾ ਜੀ ਐੱਮ. ਐੱਨ. ਸ਼ੁਕਲਾ ਵੀ ਇਕ ਜੱਜ ਸਨ। ਰਾਜੀਵ ਦੇ ਪਿਤਾ ਦਾ ਕੱਲ੍ਹ ਹੀ ਦਿਹਾਂਤ ਹੋਇਆ ਸੀ। ਉਨ੍ਹਾਂ ਦਾ ਬੁੱਧਵਾਰ ਸਵੇਰੇ ਅੰਤਿਮ ਸੰਸਕਾਰ ਕੀਤਾ ਗਿਆ।