ਯਸ਼ ਦਿਆਲ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਰਾਹਤ, ਗ੍ਰਿਫ਼ਤਾਰੀ ''ਤੇ ਰੋਕ
Tuesday, Jul 15, 2025 - 04:33 PM (IST)

ਪ੍ਰਯਾਗਰਾਜ- ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਫਸੇ ਕ੍ਰਿਕਟਰ ਯਸ਼ ਦਿਆਲ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਜ਼ੁਬਾਨੀ ਟਿੱਪਣੀ ਕੀਤੀ ਹੈ ਕਿ ਔਰਤ ਅਤੇ ਯਸ਼ ਦਿਆਲ ਪੰਜ ਸਾਲਾਂ ਤੋਂ ਰਿਸ਼ਤੇ ਵਿੱਚ ਸਨ, ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਰਿਸ਼ਤਾ ਵਿਆਹ ਦੇ ਬਹਾਨੇ ਬਣਾਇਆ ਗਿਆ ਸੀ।
ਦੂਜੇ ਪਾਸੇ, ਯਸ਼ ਦਿਆਲ ਦੀ ਪਟੀਸ਼ਨ ਦਾ ਸੂਬਾ ਸਰਕਾਰ ਨੇ ਵਿਰੋਧ ਕੀਤਾ। ਅਦਾਲਤ ਨੇ ਪੀੜਤਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਸੂਬਾ ਸਰਕਾਰ ਨੂੰ ਜਵਾਬ ਦਾਇਰ ਕਰਨ ਲਈ ਵੀ ਕਿਹਾ ਹੈ। ਯਸ਼ ਦਿਆਲ ਦੇ ਵਕੀਲ ਗੌਰਵ ਤ੍ਰਿਪਾਠੀ ਨੇ ਅਦਾਲਤ ਵਿੱਚ ਆਪਣੇ ਮੁਵੱਕਿਲ ਦਾ ਪੱਖ ਪੇਸ਼ ਕੀਤਾ। ਉਨ੍ਹਾਂ ਦੇ ਅਨੁਸਾਰ, ਇਸ ਮਾਮਲੇ ਦੀ ਅਗਲੀ ਸੁਣਵਾਈ ਚਾਰ ਤੋਂ ਛੇ ਹਫ਼ਤਿਆਂ ਬਾਅਦ ਹੋਵੇਗੀ। ਪੂਰੇ ਮਾਮਲੇ ਦੀ ਸੁਣਵਾਈ ਜਸਟਿਸ ਸਿਧਾਰਥ ਵਰਮਾ ਅਤੇ ਜਸਟਿਸ ਅਨਿਲ ਕੁਮਾਰ ਦਸ਼ਮ ਦੀ ਡਿਵੀਜ਼ਨ ਬੈਂਚ ਵਿੱਚ ਹੋਈ।
ਜ਼ਿਕਰਯੋਗ ਹੈ ਕਿ ਇੱਕ ਔਰਤ ਨੇ 6 ਜੁਲਾਈ ਨੂੰ ਗਾਜ਼ੀਆਬਾਦ ਦੇ ਇੰਦਰਾਪੁਰਮ ਪੁਲਸ ਸਟੇਸ਼ਨ ਵਿੱਚ ਕ੍ਰਿਕਟਰ ਯਸ਼ ਦਿਆਲ ਵਿਰੁੱਧ ਐਫਆਈਆਰ ਦਰਜ ਕਰਵਾਈ ਸੀ। ਇਹ ਐਫਆਈਆਰ ਬੀਐਨਐਸ ਦੀ ਧਾਰਾ 69 ਤਹਿਤ ਦਰਜ ਕੀਤੀ ਗਈ ਸੀ। ਯਸ਼ ਦਿਆਲ ਨੇ ਆਪਣੇ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਇਲਾਹਾਬਾਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਟੀਸ਼ਨ ਵਿੱਚ ਰਾਜ ਸਰਕਾਰ, ਇੰਦਰਾਪੁਰਮ ਪੁਲਸ ਸਟੇਸ਼ਨ ਦੇ ਐਸਐਚਓ ਅਤੇ ਪੀੜਤ ਨੂੰ ਧਿਰ ਬਣਾਇਆ ਗਿਆ ਹੈ।