ਹਰਿਆਣਾ ਨੂੰ ਕੇਂਦਰ ਤੋਂ ਮਿਲੀ ਆਗਿਆ, ਕਿਸਾਨਾਂ ਵਿਰੁੱਧ ਦਰਜ ਸਾਰੇ ਮੁਕੱਦਮੇ ਹੋਣਗੇ ਵਾਪਸ
Saturday, Feb 12, 2022 - 09:57 AM (IST)
ਹਰਿਆਣਾ (ਪਾਂਡੇ)- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਵਿਰੁੱਧ ਦਰਜ ਸਭ ਮੁਕੱਦਮਿਆਂ ਨੂੰ ਵਾਪਸ ਲੈ ਲਿਆ ਜਾਏ। ਇਨ੍ਹਾਂ ’ਚੋਂ ਕੁਝ ਮਾਮਲੇ ਕੇਂਦਰ ਦੀ ਆਗਿਆ ਮਿਲਣ ਪਿਛੋਂ ਵਾਪਸ ਲਏ ਵੀ ਜਾ ਚੁੱਕੇ ਹਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੰਮ ਹਮੇਸ਼ਾ ਝੂਠ ਦੀ ਸਿਆਸਤ ਕਰ ਕੇ ਭੁਲੇਖੇ ਪੈਦਾ ਕਰਨਾ ਹੈ ਪਰ ਭਾਜਪਾ ਸਰਕਾਰ ਜੋ ਕਹਿੰਦੀ ਹੈ, ਕਰ ਕੇ ਵਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ’ਚ ਇਮਾਰਤ ਦੇ ਡਿੱਗਣ ਦੇ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਕਿਸੇ ਵੀ ਕਿਮਤ ’ਤੇ ਬਖਸ਼ਿਆ ਨਹੀਂ ਜਾਏਗਾ।
ਇਹ ਵੀ ਪੜ੍ਹੋ : ਵਾਪਸ ਲਏ ਗਏ ਤਿੰਨੋਂ ਖੇਤੀ ਕਾਨੂੰਨ ਮੁੜ ਲਿਆਉਣ ਦੀ ਕੋਈ ਯੋਜਨਾ ਨਹੀਂ : ਤੋਮਰ
ਵਿਜ ਨੇ ਕਿਹਾ ਕਿ ਕਿਸਾਨਾਂ ਵਿਰੁੱਧ ਕੁਲ 272 ਮੁਕੱਦਮੇ ਦਰਜ ਹੋਏ ਸਨ। ਜਿਨ੍ਹਾਂ ’ਚੋਂ 82 ਅਸੀਂ ਵਾਪਸ ਲੈ ਚੁੱਕੇ ਹਾਂ। ਇਸੇ ਤਰ੍ਹਾਂ 82 ਹੋਰ ਮਾਮਲੇ ਰੇਲਵੇ ਅਤੇ ਜੀ. ਟੀ. ਰੋਡ ਨਾਲ ਸਬੰਧਤ ਸਨ। ਉਨ੍ਹਾਂ ਦੀ ਆਗਿਆ ਅਸੀਂ ਕੇਂਦਰ ਕੋਲੋਂ ਮੰਗੀ ਸੀ। ਕੇਂਦਰ ਕੋਲੋਂ ਆਗਿਆ ਮਿਲ ਗਈ ਹੈ। ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੂੰ ਕੇਂਦਰ ਕੋਲੋਂ ਆਗਿਆ ਮਿਲੀ ਹੈ। ਬਹੁਤ ਜਲਦੀ ਅਸੀਂ ਇਹ ਮਾਮਲੇ ਵੀ ਵਾਪਸ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਕੁਝ ਮਾਮਲੇ ਹਾਈਵੇ ਨਾਲ ਸਬੰਧਤ ਹਨ ਅਤੇ ਕੁਝ ਤੇ ਹਾਈ ਕੋਰਟ ਨੇ ਸਟੇਅ ਦਿੱਤਾ ਹੋਇਆ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਭ ਮੁਕੱਦਮੇ ਵਾਪਸ ਲੈ ਲਏ ਜਾਣ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ