ਕੋਰੋਨਾ ਆਫ਼ਤ ਦਰਮਿਆਨ 'ਇਸਰੋ' ਅੱਜ ਰਚੇਗਾ ਇਤਿਹਾਸ, ਲਾਂਚ ਕਰੇਗਾ PSLV-C49
Saturday, Nov 07, 2020 - 01:05 PM (IST)
ਨਵੀਂ ਦਿੱਲੀ— ਕੋਰੋਨਾ ਲਾਗ ਦੀ ਬੀਮਾਰੀ ਦਰਮਿਆਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਾਪਸੀ ਕਰਨ ਜਾ ਰਿਹਾ ਹੈ। ਅੱਜ ਯਾਨੀ ਕਿ ਸ਼ਨੀਵਾਰ ਦੀ ਦੁਪਹਿਰ ਨੂੰ 3 ਵੱਜ ਕੇ 2 ਮਿੰਟ 'ਤੇ ਇਸਰੋ ਦੇ ਲਾਂਚਿੰਗ ਵਾਹਨ ਸੀ-49 (PSLV-C49) ਨੂੰ 10 ਸੈਟੇਲਾਈਟ ਨਾਲ ਲਾਂਚ ਕੀਤਾ ਜਾਵੇਗਾ। ਇਕ ਵਾਰ ਫਿਰ ਪੁਲਾੜ 'ਚ ਇਸਰੋ ਆਪਣਾ ਝੰਡਾ ਲਹਿਰਾਉਣ ਜਾ ਰਿਹਾ ਹੈ। ਰਾਕੇਟ ਲਾਂਚ ਲਈ ਇਸ ਦੀ ਉਲਟੀ ਗਿਣਤੀ 26 ਘੰਟੇ ਪਹਿਲਾਂ ਸ਼ੁਰੂ ਹੋ ਗਈ ਹੈ।
ਸ਼੍ਰੀਹਰੀਕੋਟਾ ਰਾਕੇਟ ਪੋਰਟ ਤੋਂ 7 ਨਵੰਬਰ ਯਾਨੀ ਕਿ ਸ਼ਨੀਵਾਰ ਦੀ ਦੁਪਹਿਰ 3 ਵਜੇ ਦੇ ਕਰੀਬ 10 ਸੈਟੇਲਾਈਟ ਵਾਲੇ ਰਾਕੇਟ ਨੂੰ ਲਾਂਚ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇੰਝ ਵੇਖਿਆ ਜਾ ਰਿਹਾ ਹੈ ਕਿ ਸ਼ਨੀਵਾਰ ਸ਼ਾਮ ਨੂੰ ਪੋਲਰ ਸੈਟੇਲਾਈਟ ਲਾਂਚ ਵਾਹਨ ਦੀ ਉਡਾਣ ਨਾਲ ਸਭ ਕੁਝ ਠੀਕ ਰਿਹਾ ਤਾਂ ਭਾਰਤੀ ਪੁਲਾੜ ਏਜੰਸੀ ਹੁਣ ਤੱਕ ਕੁਲ 328 ਵਿਦੇਸ਼ੀ ਸੈਟੇਲਾਈਟ ਨੂੰ ਪੁਲਾੜ 'ਚ ਸਥਾਪਤ ਕਰਵਾ ਲਵੇਗੀ। ਇਸਰੋ ਦਾ ਇਸ ਸਾਲ ਇਹ ਪਹਿਲਾ ਸੈਟੇਲਾਈਟ ਹੋਵੇਗਾ, ਜੋ 7 ਨਵੰਬਰ ਨੂੰ ਲਾਂਚ ਹੋਵੇਗਾ। ਮੀਡੀਆ ਰਿਪੋਰਟ ਮੁਤਾਬਕ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਸੀ-49 ਸਿਰਫ਼ ਇਕ ਭਾਰਤੀ ਹੀ ਨਹੀਂ, ਸਗੋਂ 9 ਵਿਦੇਸ਼ੀ ਸੈਟੇਲਾਈਟ ਨਾਲ ਵੀ ਉਡਾਣ ਭਰੇਗਾ।
ਦੱਸ ਦੇਈਏ ਕਿ ਈ. ਓ. ਐੱਸ-01 ਅਰਥ ਆਬਜ਼ਰਵੇਸ਼ਨ ਰਿਸੈੱਟ ਸੈਟੇਲਾਈਟ ਦਾ ਹੀ ਇਕ ਐਡਵਾਂਸ ਸੀਰੀਜ਼ ਹੈ। ਇਸ ਵਿਚ ਸਿੰਥੈਟਿਕ ਐਪਰਚਰ ਰਡਾਰ ਲੱਗਾ ਹੈ, ਜੋ ਕਿਸੇ ਵੀ ਸਮੇਂ ਅਤੇ ਕਿਸੇ ਵੀ ਮੌਸਮ ਵਿਚ ਧਰਤੀ 'ਤੇ ਨਜ਼ਰ ਰੱਖ ਸਕਦਾ ਹੈ। ਇਸ ਸੈਟੇਲਾਈਟ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਨਾਲ ਬੱਦਲਾਂ ਵਿਚਾਲੇ ਵੀ ਧਰਤੀ ਨੂੰ ਦੇਖਿਆ ਜਾ ਸਕਦਾ ਹੈ ਅਤੇ ਸਾਫ਼ ਤਸਵੀਰ ਖਿੱਚੀ ਜਾ ਸਕਦੀ ਹੈ। ਇਹ ਦਿਨ-ਰਾਤ ਦੀਆਂ ਤਸਵੀਰਾਂ ਲੈ ਸਕਦਾ ਹੈ ਅਤੇ ਨਿਗਰਾਨੀ ਕਰਨ ਦੇ ਨਾਲ-ਨਾਲ ਹੀ ਨਾਗਰਿਕ ਗਤੀਵਿਧੀਆਂ ਲਈ ਉਪਯੋਗੀ ਹੈ।