ਨਿਹੰਗ ਸਿੰਘਾਂ ਦੇ ਉੱਤਰਾਖੰਡ ਕੂਚ ਦੀ ਸੂਚਨਾ ਨਾਲ ਅਲਰਟ, ਕੁਲਹਾਲ ਸਰਹੱਦ ਪੁਲਸ ਛਾਉਣੀ ’ਚ ਤਬਦੀਲ
Friday, Jun 26, 2026 - 07:06 AM (IST)
ਪਾਉਂਟਾ ਸਾਹਿਬ (ਕਪਿਲ) : ਪੰਜਾਬ ਤੋਂ ਵੱਡੀ ਗਿਣਤੀ ’ਚ ਨਿਹੰਗ ਸਿੰਘਾਂ ਦੇ ਉੱਤਰਾਖੰਡ ਕੂਚ ਦੀ ਸੂਚਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਰਹੱਦ ’ਤੇ ਸਥਿਤ ਕੁਲਹਾਲ ਬਾਰਡਰ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਉੱਤਰਾਖੰਡ ਪੁਲਸ, ਪ੍ਰਸ਼ਾਸਨ ਅਤੇ ਪੈਰਾਮਿਲਟਰੀ ਫੋਰਸ ਨੇ ਸਰਹੱਦ ’ਤੇ ਮੋਰਚਾ ਸੰਭਾਲ ਲਿਆ ਹੈ।
ਸੂਤਰਾਂ ਅਨੁਸਾਰ, ਜਿਵੇਂ ਹੀ ਨਿਹੰਗ ਸਿੰਘਾਂ ਦੇ ਇਕ ਵੱਡੇ ਜਥੇ ਦੇ ਉੱਤਰਾਖੰਡ ਵੱਲ ਵਧਣ ਦੀ ਸੂਚਨਾ ਮਿਲੀ, ਉੱਤਰਾਖੰਡ ਪ੍ਰਸ਼ਾਸਨ ਅਤੇ ਪੁਲਸ ਦੇ ਸੀਨੀਅਰ ਅਧਿਕਾਰੀ ਕੁਲਹਾਲ ਸਰਹੱਦ ’ਤੇ ਪਹੁੰਚ ਗਏ ਅਤੇ ਪੂਰੇ ਘਟਨਾਚੱਕਰ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ। ਦੁਪਹਿਰ ਤੋਂ ਬਾਅਦ ਉੱਤਰਾਖੰਡ ਪ੍ਰਸ਼ਾਸਨ ਦਾ ਇਕ ਉੱਚ-ਪੱਧਰੀ ਵਫ਼ਦ ਪਾਉਂਟਾ ਸਾਹਿਬ ਪਹੁੰਚਿਆ ਅਤੇ ਨਿਹੰਗ ਸਿੰਘਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਕੇ ਮਾਮਲੇ ਦਾ ਸ਼ਾਂਤੀਪੂਰਨ ਹੱਲ ਕੱਢਣ ਦਾ ਯਤਨ ਕੀਤਾ। ਹਾਲਾਂਕਿ ਨਿਹੰਗ ਸਿੰਘ ਨੁਮਾਇੰਦੇ ਕਰਨਪ੍ਰਯਾਗ ਵਿਚ ਹੋਈ ਝੜਪ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਆਪਣੇ ਸਾਥੀਆਂ ਦੀ ਰਿਹਾਈ, ਸਬੰਧਤ ਪੁਲਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਅਤੇ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ’ਤੇ ਅੜੇ ਰਹੇ।
ਇਹ ਵੀ ਪੜ੍ਹੋ : LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ
ਗੱਲਬਾਤ ਦੌਰਾਨ ਨਿਹੰਗ ਸਿੰਘਾਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੂੰ ਉੱਤਰਾਖੰਡ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ, ਤਾਂ ਉਹ ਹੋਰਨਾਂ ਧਾਰਮਿਕ ਅਸਥਾਨਾਂ ਵੱਲ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਰੋਕਣ ’ਤੇ ਵਿਚਾਰ ਕਰ ਸਕਦੇ ਹਨ। ਦੇਰ ਰਾਤ ਤੱਕ ਦੇਹਰਾਦੂਨ ਦੇ ਸੀਨੀਅਰ ਪੁਲਸ ਅਧਿਕਾਰੀ, ਹੋਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਪਾਉਂਟਾ ਸਾਹਿਬ ਦੇ ਸਿੱਖ ਭਾਈਚਾਰੇ ਦੇ ਪ੍ਰਮੁੱਖ ਲੋਕ ਨਿਹੰਗ ਸਿੰਘਾਂ ਨੂੰ ਸਮਝਾਉਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਰਹੇ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਗੱਲਬਾਤ ਕਿਸੇ ਠੋਸ ਨਤੀਜੇ ’ਤੇ ਨਹੀਂ ਪਹੁੰਚ ਸਕੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
