ਹਿਮਾਚਲ ਦੇ ਇਨ੍ਹਾਂ 5 ਪਿੰਡਾਂ ਨੇ ਪੇਸ਼ ਕੀਤੀ ਮਿਸਾਲ, ਵਿਆਹ ’ਚ ਨਹੀਂ ਪਰੋਸੀ ਜਾਵੇਗੀ ਸ਼ਰਾਬ
Thursday, Apr 27, 2023 - 11:15 AM (IST)
ਨਾਹਨ (ਆਸ਼ੂ ਵਰਮਾ)- ਹੁਣ ਹਿਮਾਚਲ ਦੇ 5 ਪਿੰਡਾਂ ’ਚ ਵਿਆਹ ਸਮਾਗਮਾਂ ’ਚ ਸ਼ਰਾਬ ਨਹੀਂ ਪਰੋਸੀ ਜਾਵੇਗੀ। ਪਿੰਡਾਂ ਦੇ ਸੂਝਵਾਨ ਲੋਕਾਂ ਨੇ ਵਿਆਹ ਸਮਾਗਮਾਂ ਵਿਚ ਸ਼ਰਾਬ ਪਰੋਸਣ ’ਤੇ ਪਾਬੰਦੀ ਲਾ ਦਿੱਤੀ ਹੈ। ਸਿਰਮੌਰ ਦੇ ਗਿਰੀਪਰ ਖੇਤਰ ਦੇ ਨਵਾਂ ਪੰਜੋੜ ਗ੍ਰਾਮ ਪੰਚਾਇਤ ਦੇ 5 ਪਿੰਡਾਂ ਨਯਾ, ਤਾਂਦੀਓ, ਕਾਫਨੂ, ਕੁੱਕੜੇਚ ਅਤੇ ਠੋਠਾ ਦੇ ਠਾਠ ਦੇਵੀ ਦੇ ਸਥਾਨ ’ਤੇ ਸਮੂਹ ਬੁੱਧੀਜੀਵੀਆਂ, ਨੌਜਵਾਨਾਂ ਅਤੇ ਪੰਚਾਂ ਦੀ ਮੀਟਿੰਗ ’ਚ ਇਹ ਫ਼ੈਸਲਾ ਕੀਤਾ ਗਿਆ। ਇਸ ਤਹਿਤ ਪਿੰਡ ਵਾਸੀਆਂ ਨੇ ਪਿੰਡ ਦੀ ਸਾਂਝੀ ਮੀਟਿੰਗ ਵਿਚ ਫ਼ੈਸਲਾ ਕੀਤਾ ਹੈ ਕਿ ਆਧੁਨਿਕਤਾ ਦੇ ਯੁੱਗ ਵਿਚ ਵਿਆਹ- ਸ਼ਾਦੀਆਂ ਦੌਰਾਨ ਵੱਧ ਖਰਚੇ ਘਟਾਏ ਜਾਣਗੇ।
ਦਰਅਸਲ ਆਧੁਨਿਕਤਾ ਦੇ ਦੌਰ 'ਚ ਲਗਾਤਾਰ ਵਧ ਰਹੀ ਮਹਿੰਗਾਈ ਅਤੇ ਪੇਂਡੂ ਖੇਤਰਾਂ ਦੇ ਗਰੀਬ ਲੋਕਾਂ 'ਤੇ ਪੈ ਰਹੇ ਇਸ ਦੇ ਮਾੜੇ ਪ੍ਰਭਾਵ ਨੂੰ ਕਿਸ ਤਰ੍ਹਾਂ ਖ਼ਤਮ ਕੀਤਾ ਜਾਵੇ। ਇਸ ਲਈ ਬੁੱਧੀਜੀਵੀਆਂ ਅਤੇ ਪੰਚਾਂ ਨੇ ਇਹ ਫ਼ੈਸਲਾ ਲਿਆ ਹੈ। ਸਥਾਨਕ ਵਾਸੀ ਨੇ ਦੱਸਿਆ ਕਿ ਪੰਜ ਪਿੰਡਾਂ ਦੇ ਲੋਕਾਂ ਦੀ ਸਾਂਝੀ ਬੈਠਕ ਵਿਚ ਕੁਝ ਪੁਰਾਣੀਆਂ ਪਰੰਪਰਾਵਾਂ ਨੂੰ ਤੋੜਨ ਦਾ ਫ਼ੈਸਲਾ ਲਿਆ ਗਿਆ ਹੈ, ਤਾਂ ਕਿ ਗਰੀਬ ਪਰਿਵਾਰਾਂ 'ਤੇ ਇਸ ਬੋਝ ਤੋਂ ਛੁਟਕਾਰਾ ਮਿਲ ਸਕੇ।
ਬੈਠਕ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਪਿੰਡ ਦੀਆਂ ਕੁੜੀਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਜੋ ਪਰੰਪਰਾ ਪਿੰਡ 'ਚ ਮਾਘੀ ਤਿਉਹਾਰ, ਬੁੱਢੀ ਦੀਵਾਲੀ ਅਤੇ ਹੋਰ ਤਿਉਹਾਰਾਂ ਲਈ ਬਣਾਈ ਗਈ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ। ਖੇਤਰ ਦੇ ਪੰਜ ਪਿੰਡਾਂ ਦੇ ਇਸ ਫ਼ੈਸਲੇ ਦੀ ਆਲੇ-ਦੁਆਲੇ ਦੇ ਪਿੰਡਾਂ ਵਿਚ ਵੀ ਸ਼ਲਾਘਾ ਕੀਤੀ ਜਾ ਰਹੀ ਹੈ।