ਭਾਰਤ ''ਚ ਹੁਣ ‘ਲੋਨ ਵੁਲਫ’ ਹਮਲਾ ਕਰਵਾਉਣ ਦੀ ਫਿਰਾਕ ''ਚ ਅਲਕਾਇਦਾ
Thursday, Jun 11, 2020 - 03:23 AM (IST)
ਨਵੀਂ ਦਿੱਲੀ (ਏ.ਐੱਨ.ਆਈ.) : ਭਾਰਤ 'ਚ ਲੋਨ ਵੁਲਫ ਹਮਲੇ ਦੇ ਜ਼ਰੀਏ ਅੱਤਵਾਦੀ ਸੰਗਠਨ ਅਲਕਾਇਦਾ ਵੱਡੀ ਤਬਾਹੀ ਮਚਾਉਣ ਦੀ ਸਾਜਿ਼ਸ਼ ਰਚ ਰਿਹਾ ਹੈ। ਉਸ ਦੇ ਨਿਸ਼ਾਨੇ 'ਤੇ ਸਰਕਾਰ ਦੇ ਵੱਡੇ ਮੰਤਰੀ, ਅਫਸਰ, ਹਿੰਦੂਵਾਦੀ ਨੇਤਾ ਅਤੇ ਸੁਰੱਖਿਆ ਏਜੰਸੀਆਂ ਨਾਲ ਜੁਡ਼ੇ ਮਹੱਤਵਪੂਰਣ ਲੋਕ ਹਨ।
ਅਲਕਾਇਦਾ ਨੇ ਬੰਗਲਾਦੇਸ਼ 'ਚ ਕੱਟੜ ਇਸਲਾਮਿਕ ਸੋਚ ਦੇ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲ ਨੌਜਵਾਨਾਂ ਨੂੰ ਆਨਲਾਇਨ ਟ੍ਰੇਨਿੰਗ ਕੰਟੈਂਟ ਬਣਾਉਣ ਦੀ ਜ਼ਿੰਮੇਦਾਰੀ ਦਿੱਤੀ ਹੈ। ਖੁਫੀਆ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਇਸ ਆਨਲਾਈਨ ਟ੍ਰੇਨਿੰਗ ਕੰਟੈਂਟਸ ਦੇ ਜ਼ਰੀਏ ਭਾਰਤ 'ਚ ਜੇਹਾਦੀ ਸੋਚ ਰੱਖਣ ਵਾਲੇ ਨੌਜਵਾਨਾਂ ਨੂੰ ਲੋਨ ਵੁਲਫ ਹਮਲੇ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਮੁਸਲਮਾਨ ਨੌਜਵਾਨਾਂ ਨੂੰ ਭੜਕਾਇਆ ਜਾਵੇਗਾ। ਪਿਛਲੇ ਦਿਨੀਂ ਕੁੱਝ ਵੀਡੀਓ, ਮੈਗਜ਼ੀਨ ਅਤੇ ਵੱਖ-ਵੱਖ ਵੈਬਸਾਈਟਾਂ 'ਤੇ ਪੋਸਟ ਵੀ ਕੀਤੀ ਗਈ ਸੀ।
ਕਸ਼ਮੀਰ 'ਚ ਲਗਾਤਾਰ ਅੱਤਵਾਦੀਆਂ ਦਾ ਖਾਤਮਾ ਹੁੰਦਾ ਦੇਖ ਅੱਤਵਾਦੀ ਸੰਗਠਨ ਅਲਕਾਇਦਾ ਬੌਖਲਾਉਣ ਲੱਗਾ ਹੈ। ਇਹੀ ਕਾਰਨ ਹੈ ਕਿ ਉਹ ਦੇਸ਼ 'ਚ ਦਹਿਸ਼ਤ ਫੈਲਾਉਣ ਲਈ ਹੁਣ ਲੋਨ ਵੁਲਫ ਹਮਲੇ ਦਾ ਸਹਾਰਾ ਲੈਣ ਦੀ ਕੋਸ਼ਿਸ਼ 'ਚ ਹੈ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਕਸ਼ਮੀਰ 'ਚ ਵੱਖ-ਵੱਖ ਐਨਕਾਊਂਟਰ 'ਚ ਕਰੀਬ 100 ਅੱਤਵਾਦੀ ਮਾਰੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 8 ਤੋਂ ਜ਼ਿਆਦਾ ਟਾਪ ਕਮਾਂਡਰ ਸਨ।
ਅਜਿਹਾ ਹੁੰਦਾ ਹੈ ਲੋਨ ਵੁਲਫ ਹਮਲਾ
ਲੋਨ ਵੁਲਫ ਹਮਲਾ ਬਘਿਆੜ ਦੀ ਤਰ੍ਹਾਂ ਇਕੱਲੇ ਹਮਲਾ ਕਰਣ ਦੀ ਰਣਨੀਤੀ ਹੈ। ਇਸ ਹਮਲੇ 'ਚ ਹਰ ਤਰ੍ਹਾਂ ਦੇ ਹਥਿਆਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅੱਤਵਾਦੀ ਦਾ ਟੀਚਾ ਟਾਰਗੇਟ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨੁਕਸਾਨ ਪੰਹੁਚਾਉਣਾ ਹੁੰਦਾ ਹੈ।
ਮਜ਼ਬੂਤ ਕੀਤੀ ਵੀ. ਵੀ. ਆਈ. ਪੀ. ਸੁਰੱਖਿਆ
ਖੁਫੀਆ ਏਜੰਸੀਆਂ ਨੇ ਇਨਪੁਟ ਦੇ ਆਧਾਰ 'ਤੇ ਦੇਸ਼ ਦੇ ਸਾਰੇ ਵੀ. ਵੀ. ਆਈ. ਪੀਜ਼ ਦੀ ਸੁਰੱਖਿਆ ਮਜ਼ਬੂਤ ਕਰਣ ਨੂੰ ਕਿਹਾ ਹੈ। ਇਨ੍ਹਾਂ ਦੀ ਸੁਰੱਖਿਆ 'ਚ ਲੱਗੇ ਜਵਾਨਾਂ ਨੂੰ ਹਮੇਸ਼ਾ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਵੀ. ਵੀ. ਆਈ. ਪੀਜ਼ ਨੂੰ ਮਿਲਣ ਲਈ ਆਉਣ-ਜਾਣ ਵਾਲੇ ਸਾਰੇ ਲੋਕਾਂ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣ ਦਾ ਹੁਕਮ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਨੂੰ ਇਹ ਹਿਦਾਇਤ ਵੀ ਦਿੱਤੀ ਗਈ ਹੈ ਕਿ ਉਹ ਕਿਸੇ ਤਰ੍ਹਾਂ ਵੀ ਡਰ ਦਾ ਮਾਹੌਲ ਨਾ ਬਣਨ ਦੇਣ।