ਕਿਸਾਨਾਂ ਨੂੰ ਬਦਨਾਮ ਕਰ ਕੇ ਖ਼ਰਬਪਤੀਆਂ ਨੂੰ ਫਾਇਦਾ ਪਹੁੰਚਾ ਰਹੀ ਹੈ ਭਾਜਪਾ: ਅਖਿਲੇਸ਼
Sunday, Jan 31, 2021 - 04:56 PM (IST)
ਲਖਨਊ— ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਭਾਜਪਾ ਪਾਰਟੀ ’ਤੇ ਕਿਸਾਨਾਂ ਨੂੰ ਬਦਨਾਮ ਕਰਨ ਅਤੇ ਖ਼ਰਬਪਤੀਆਂ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਯਾਦਵ ਨੇ ਇਕ ਟਵੀਟ ਜ਼ਰੀਏ ਭਾਜਪਾ ਦੀ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ।
ਯਾਦਵ ਨੇ ਇਕ ਟਵੀਟ ਕਰ ਕੇ ਲਿਖਿਆ ਕਿ ਭਾਜਪਾ ਵਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਤੋਂ ਕਿਸਾਨ ਬਹੁਤ ਦੁਖੀ ਹਨ। ਭਾਜਪਾ ਨੇ ਨੋਟਬੰਦੀ, ਜੀ. ਐੱਸ. ਟੀ, ਮਜ਼ਦੂਰ ਕਾਨੂੰਨ ਅਤੇ ਖੇਤੀ ਕਾਨੂੰਨ ਲਿਆ ਕੇ ਖ਼ਰਬਪਤੀਆਂ ਨੂੰ ਹੀ ਫਾਇਦਾ ਪਹੁੰਚਾਉਣ ਵਾਲੇ ਨਿਯਮ ਬਣਾਏ ਹਨ। ਭਾਜਪਾ ਨੇ ਆਮ ਜਨਤਾ ਨੂੰ ਬਹੁਤ ਸਤਾਇਆ ਹੈ।
ਇਸੇ ਟਵੀਟ ਵਿਚ ਅਖਿਲੇਸ਼ ਯਾਦਵ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਨਾਂ ਲਏ ਬਿਨਾਂ ਸ਼ਾਇਰਾਨਾ ਅੰਦਾਜ਼ ਵਿਚ ਲਿਖਿਆ, ਉਹ ਹੰਝੂ ਟਪਕੇ ਦੋ ਅੱਖਾਂ ’ਚੋਂ ਹਨ ਪਰ ਦੁੱਖ-ਦਰਦ ਉਹ ਲੱਖਾਂ ਦੇ ਹਨ। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ’ਤੇ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਦਾ ਮੀਡੀਆ ਦੇ ਸਾਹਮਣੇ ਫੁਟ-ਫੁਟ ਕੇ ਰੋਂਦੇ ਹੋਏ ਦਾ ਵੀਡੀਓ ਵਾਇਰਸ ਹੋਇਆ ਸੀ।