ਅਖਿਲੇਸ਼ ਅਤੇ ਮੁਲਾਇਮ ਹਨ ਭਾਜਪਾ ਦੇ ਏਜੰਟ: ਭੀਮ ਸੈਨਾ ਮੁਖੀ

04/03/2019 5:59:08 PM

ਨਵੀਂ ਦਿੱਲੀ–ਭੀਮ ਸੈਨਾ ਦੇ ਸੰਸਥਾਪਕ ਚੰਦਰਸ਼ੇਖਰ ਆਜ਼ਾਦ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੇ ਪਿਤਾ ਮੁਲਾਇਮ ਸਿੰਘ ਯਾਦਵ 'ਤੇ 'ਭਾਜਪਾ ਦਾ ਏਜੰਟ' ਹੋਣ ਦਾ ਅੱਜ ਭਾਵ ਬੁੱਧਵਾਰ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਉਮੀਦਵਾਰੀ ਨਾਲ ਦਲਿਤ ਅੰਦੋਲਨ ਨੂੰ ਨੁਕਸਾਨ ਪੁੱਜਦਾ ਹੈ ਤਾਂ ਉਹ ਵਾਰਾਨਸੀ ਤੋਂ ਚੋਣ ਨਹੀਂ ਲੜਨਗੇ।

ਆਜ਼ਾਦ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਕੁਝ ਦਿਨ ਪਹਿਲਾਂ ਜੈਪੁਰ 'ਚ ਬਸਪਾ ਮੁਖੀ ਮਾਇਆਵਤੀ ਨੇ ਉਨ੍ਹਾਂ ਨੂੰ 'ਭਾਜਪਾ ਦਾ ਏਜੰਟ' ਕਿਹਾ ਸੀ ਅਤੇ ਦੋਸ਼ ਲਾਇਆ ਸੀ ਕਿ ਉਹ ਦਲਿਤ ਵੋਟਾਂ ਨੂੰ ਵੰਡਣ ਦੀ ਭਾਜਪਾ ਦੀ ਸਾਜ਼ਿਸ਼ ਅਧੀਨ ਵਾਰਾਨਸੀ ਤੋਂ ਚੋਣ ਲੜ ਰਹੇ ਹਨ। ਮਾਇਆਵਤੀ ਦੀ ਪਾਰਟੀ ਬਸਪਾ ਨੇ ਭਾਜਪਾ ਨਾਲ ਮੁਕਾਬਲਾ ਕਰਨ ਲਈ ਉਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਨਾਲ ਗਠਜੋੜ ਕੀਤਾ ਹੈ।

ਭੀਮ ਸੈਨਾ ਦੇ ਮੁਖੀ ਨੇ ਕਿਹਾ ਕਿ ਅਖਿਲੇਸ਼ ਨੇ ਦਲਿਤਾਂ 'ਤੇ ਅਤਿਆਚਾਰ ਕਰਨ ਵਾਲੇ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ। ਉਨ੍ਹਾਂ ਦੇ ਪਿਤਾ ਮੁਲਾਇਮ ਸਿੰਘ ਨੇ ਸੰਸਦ 'ਚ ਕਿਹਾ ਕਿ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ। ਭਾਜਪਾ ਦਾ ਏਜੰਟ ਮੈਂ ਨਹੀਂ ਸਗੋਂ ਮੁਲਾਇਮ ਸਿੰਘ ਅਤੇ ਅਖਿਲੇਸ਼ ਹਨ।


Iqbalkaur

Content Editor

Related News