MP: ਮੁਰੈਨਾ ’ਚ ਵੱਡਾ ਹਾਦਸਾ, ਸੁਖੋਈ-30 ਤੇ ਮਿਰਾਜ ਫਾਈਟਰ ਜੈੱਟ ਹੋਏ ਕ੍ਰੈਸ਼, 1 ਪਾਇਲਟ ਦੀ ਮੌਤ ਦੀ ਖਬਰ
Saturday, Jan 28, 2023 - 04:58 PM (IST)
ਮੁਰੈਨਾ– ਭਾਰਤੀ ਹਵਾਈ ਫੌਜ ਦੇ ਦੋ ਲੜਾਕੂ ਜਹਾਜ਼ (ਇਕ ਸੁਖੋਈ ਐੱਮ.ਕੇ.ਆਈ. ਅਤੇ ਇਕ ਮਿਰਾਜ-2000) ਸ਼ਨੀਵਾਰ ਨੂੰ ਇਕ ਅਭਿਆਸ ਦੌਰਾਨ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ’ਚ ਦੁਰਘਟਨਾਗ੍ਰਸਤ ਹੋ ਗਏ, ਜਿਸ ਵਿਚ ਇਕ ਪਾਇਲਟ ਦੀ ਮੌਤ ਹੋ ਗਈ, ਜਦਕਿ ਦੋ ਹੋਰ ਪਾਇਲਟ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸੁਖੋਈ-30 ਐੱਮ.ਕੇ.ਆਈ. ਜਹਾਜ਼ ਦੇ ਦੋ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ, ਜਦਕਿ ਮਿਰਾਜ-2000 ਦੇ ਪਾਇਲਟ ਦੀ ਮੌਤ ਹੋ ਗਈ। ਭਾਰਤੀ ਹਵਾਈ ਫੌਜ ਨੇ ਇਕ ਬਿਆਨ ’ਚ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਦੋ ਲੜਾਕੂ ਜਹਾਜ਼ ਸ਼ਨੀਵਾਰ ਸੇਵੇਰੇ ਗਵਾਲੀਅਰ ਨੇੜੇ ਦੁਰਘਟਨਾਗ੍ਰਸਤ ਹੋ ਗਏ।
ਹਵਾਈ ਫੌਜ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਦੇ ਤਿੰਨ ਪਾਇਲਟਾਂ ’ਚੋਂ ਇਕ ਪਾਇਲਟ ਨੂੰ ਗੰਭੀਰ ਸੱਟਾਂ ਲੱਗੀਆਂ। ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦਾ ਆਦੇਸ਼ ਦੇ ਦਿੱਤਾ ਗਿਆ ਹੈ। ਮੁਰੈਨਾ ਦੇ ਜ਼ਿਲ੍ਹਾ ਅਧਿਕਾਰੀ ਅੰਕਿਤ ਅਸਥਾਨਾ ਨੇ ਦੱਸਿਆ ਕਿ ਦੋਵਾਂ ਜਹਾਜ਼ਾਂ ਦਾ ਮਲਬਾ ਜ਼ਿਲ੍ਹੇ ਦੇ ਪਹਾੜਗੜ੍ਹ ਇਲਾਕੇ ’ਚ ਡਿੱਗਾ। ਉਨ੍ਹਾਂ ਕਿਹਾ ਕਿ ਮਲਬੇ ਦਾ ਕੁਝ ਹਿੱਸਾ ਰਾਜਸਥਾਨ ਦੇ ਭਰਤਪੁਰ ਖੇਤਰ ’ਚ ਵੀ ਡਿੱਗਾ, ਜੋ ਮੱਧ ਪ੍ਰਦੇਸ਼ ਦੀ ਸਰਹੱਦ ਨਾਲ ਲੱਗਾ ਹੋਇਆ ਹੈ। ਅਧਿਕਾਰੀ ਨੇ ਕਿਹਾ ਕਿ ਦੋਵਾਂ ਲੜਾਕੂ ਜਹਾਜ਼ਾਂ ਨੇ ਗਵਾਲੀਅਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ, ਜੋ ਭਾਰਤੀ ਹਵਾਈ ਫੌਜ ਦਾ ਇਕ ਅੱਡਾ ਹੈ। ਅਸਥਾਨਾ ਨੇ ਦੱਸਿਆ ਕਿ ਹਾਦਸੇ ’ਚ ਦੋ ਪਾਇਲਟ ਬਚ ਗਏ। ਉਨ੍ਹਾਂ ਦੱਸਿਆ ਕਿ ਦੂਜੇ ਪਾਇਲਟ ਦੀ ਲਾਸ਼ ਪਹਾੜਗੜ੍ਹ ਇਲਾਕੇ ’ਚ ਮਿਲੀ।
ਰੱਖਿਆ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਹਵਾਈ ਫੌਜ ਦੇ ਦੋ ਜਹਾਜ਼ਾਂ ਦੇ ਦੁਰਘਟਨਾਗ੍ਰਸਤ ਹੋਣ ਦੀ ਜਾਣਕਾਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦਿੱਤੀ। ਸੂਤਰਾਂ ਨੇ ਕਿਹਾ ਕਿ ਰਾਜਨਾਥ ਘਟਨਾ ’ਤੇ ਨਜ਼ਰ ਰੱਖ ਰਹੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਕਿਹਾ ਕਿ ਮੁਰੈਨਾ ਦੇ ਕੋਲਾਰਸ ਨੇੜੇ ਹਵਾਈ ਫੌਜ ਦੇ ਸੁਖੋਈ-30 ਅਤੇ ਮਿਰਾਜ-2000 ਜਹਾਜ਼ਾਂ ਦੇ ਦੁਰਘਟਨਾਗ੍ਰਸਤ ਹੋਣ ਦੀ ਖਬਰ ਬੇਹੱਦ ਦੁਖਦ ਹੈ। ਮੈਂ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਬਚਾਅ ਅਤੇ ਰਾਹਤ ਕੰਮ ’ਚ ਹਵਾਈ ਫੌਜ ਦੇ ਸਹਿਯੋਗ ਦੇ ਨਿਰਦੇਸ਼ ਦਿੰਦਾ ਹਾਂ।