ਹਵਾ ਪ੍ਰਦੂਸ਼ਣ ਦਾ ਕਹਿਰ: ਐਂਟੀਬਾਇਓਟਿਕ ਦਵਾਈਆਂ ਵੀ ਹੋ ਰਹੀਆਂ ਹਨ ਬੇਅਸਰ

11/20/2019 8:19:36 PM

ਨਵੀਂ ਦਿੱਲੀ(ਇੰਟ.)— ਬੀਤੇ ਕਈ ਦਿਨਾਂ ਤੋਂ ਰਾਜਧਾਨੀ ਸ਼ਹਿਰ ਦਾ ਹਰ ਵਿਅਕਤੀ ਦਮਘੋਟੂ ਜ਼ਹਿਰੀਲੀ ਹਵਾ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ। ਮਾਹਿਰਾਂ ਦਾ ਤਰਕ ਹੈ ਕਿ ਇਸ ਦੇ ਕਾਰਣ ਬੈਕਟੀਰੀਆ ਦੀ ਸਮਰੱਥਾ 'ਚ ਵਾਧਾ ਹੋ ਜਾਣ ਕਾਰਣ ਸਾਹ ਨਾਲ ਜੁੜੀ ਪਰੇਸ਼ਾਨੀ ਦੇ ਇਲਾਜ 'ਚ ਦਿੱਤੀ ਜਾਣ ਵਾਲੀ ਐਂਟੀਬਾਇਓਟਿਕ ਦਵਾਈ ਬੇਅਸਰ ਸਾਬਿਤ ਹੋ ਰਹੀ ਹੈ।

ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ), ਆਰ.ਐੱਮ.ਐੱਲ. ਤੇ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ ਵੱਲਭ ਭਾਈ ਪਟੇਲ ਚੈੱਸਟ ਇੰਸਟੀਚਿਊਟ ਦੇ ਮਾਹਿਰਾਂ ਨੇ ਕਿਹਾ ਕਿ ਖੋਜ ਨਾਲ ਸਾਨੂੰ ਇਹ ਸਮਝਣ 'ਚ ਮਦਦ ਮਿਲੀ ਹੈ ਕਿ ਕਿਸ ਤਰ੍ਹਾਂ ਹਵਾ ਪ੍ਰਦੂਸ਼ਣ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਇੰਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ 'ਤੇ ਹਵਾ ਪ੍ਰਦੂਸ਼ਣ ਦਾ ਬਹੁਤ ਅਸਰ ਪੈਂਦਾ ਹੈ। ਹਵਾ ਪ੍ਰਦੂਸ਼ਣ ਨਾਲ ਇੰਫੈਕਸ਼ਨ ਦਾ ਅਸਰ ਵਧ ਜਾਂਦਾ ਹੈ। ਇਸ ਖੋਜ 'ਚ ਦੱਸਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਿਵੇਂ ਸਾਡੇ ਸਰੀਰ ਦੇ ਸਾਹ ਤੰਤਰ (ਨੱਕ, ਗਲੇ ਅਤੇ ਫੇਫੜੇ) ਨੂੰ ਪ੍ਰਭਾਵਿਤ ਕਰਦਾ ਹੈ। ਅਧਿਐਨ ਅਪ੍ਰੈਲ ਤੋਂ ਲੈ ਕੇ ਬੀਤੀ 10 ਨਵੰਬਰ ਦੌਰਾਨ 4567 ਓ.ਪੀ.ਡੀ., ਐਮਰਜੈਂਸੀ 'ਚ ਆਉਣ ਵਾਲੇ ਮਰੀਜ਼ਾਂ 'ਤੇ ਕੀਤਾ ਗਿਆ।

ਹਵਾ ਪ੍ਰਦੂਸ਼ਣ ਮੁੱਖ ਕਾਰਣ
ਆਰ.ਐੱਮ.ਐੱਲ. ਹਸਪਤਾਲ 'ਚ ਮਾਈਕ੍ਰੋਬਾਇਓਲਾਜੀ ਵਿਭਾਗ ਦੇ ਸਹਾਇਕ ਪ੍ਰੋ. ਡਾ. ਅਰਵਿੰਦ ਕੁਮਾਰ ਮੁਤਾਬਕ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਣ ਕਾਰਬਨ ਹੈ। ਇਹ ਡੀਜ਼ਲ, ਜੈਵ ਈਂਧਨ ਤੇ ਬਾਇਓਮਾਸ ਦੇ ਸੜਨ ਨਾਲ ਪੈਦਾ ਹੁੰਦਾ ਹੈ। ਇਹ ਪ੍ਰਦੂਸ਼ਕ ਜੀਵਾਣੂ ਦੇ ਪੈਦਾ ਹੋਣ ਤੇ ਉਸ ਦੇ ਸਮੂਹ ਬਣਾਉਣ ਦੀ ਪ੍ਰਕਿਰਿਆ ਨੂੰ ਬਦਲ ਦਿੰਦਾ ਹੈ। ਇਸ ਨਾਲ ਉਸ ਦੇ ਸਾਹ ਮਾਰਗ 'ਚ ਵਾਧਾ ਤੇ ਲੁਕਣ ਤੇ ਸਾਡੀ ਇਮਿਊਨਿਟੀ ਸਿਸਟਮ ਨਾਲ ਲੜਨ 'ਚ ਸਮਰੱਥ ਹੋ ਜਾਂਦਾ ਹੈ।

ਇੰਝ ਹੋਈ ਖੋਜ
ਇਹ ਖੋਜ ਦੋ ਮਨੁੱਖੀ ਰੋਗਾਣੂਆਂ ਸਟੇਫਾਈਲੋਕੋਕਸ ਅਯੂਰੀਅਸ ਤੇ ਸਟ੍ਰੇਪਟੋਕੋਕਸ ਨਿਮੋਨੀਆ 'ਤੇ ਕੀਤਾ ਗਿਆ। ਇਹ ਦੋਵੇਂ ਮੁੱਖ ਸਾਹ ਸਬੰਧੀ ਕਾਰਕ ਹਨ, ਜੋ ਐਂਟੀਬਾਇਓਟਿਕ ਪ੍ਰਤੀ ਉੱਚ ਪੱਧਰ ਦੀ ਰੋਕ ਦਿਖਾਉਂਦੇ ਹਨ। ਕਾਰਬਨ ਸਟੇਫਾਈਲੋਕੋਕਸ ਅਯੂਰੀਅਸ ਦੀ ਐਂਟੀਬਾਇਓਟਿਕ ਬਰਦਾਸ਼ਤ ਕਰਨ ਦੀ ਸਮਰੱਥਾ ਨੂੰ ਬਦਲ ਦਿੰਦਾ ਹੈ। ਇਹ ਸਟੇਫਾਲੋਕੋਕਸ ਨਿਮੋਨੀਆ ਦੇ ਭਾਈਚਾਰੇ ਦੀ ਪੇਨੀਸਿਲੀਨ ਦੇ ਪ੍ਰਤੀ ਰੋਗ ਰੋਕੂ ਸਮਰੱਥਾ ਨੂੰ ਵੀ ਵਧਾ ਦਿੰਦਾ ਹੈ। ਇਸ ਦੇ ਇਲਾਵਾ ਪਾਇਆ ਗਿਆ ਕਿ ਕਾਰਬਨ ਸਟ੍ਰੇਪਟੋਕੋਕਸ ਨਿਮੋਨੀਆ ਨੂੰ ਨੱਕ ਨਾਲ ਹੇਠਲੇ ਸਾਹ ਤੰਤਰ 'ਚ ਫੈਲਾਉਂਦਾ ਹੈ, ਜਿਸ ਨਾਲ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ।

ਜਾਨਲੇਵਾ ਹੈ ਪ੍ਰਦੂਸ਼ਣ
ਏਮਸ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਮੁਤਾਬਕ ਐਂਟੀਬਾਇਓਟਿਕ ਦਾ ਇਸਤੇਮਾਲ ਇੰਨੀ ਤੇਜ਼ੀ ਨਾਲ ਹੋ ਰਿਹਾ ਹੈ ਕਿ ਵੱਖ-ਵੱਖ ਬੈਕਟੀਰੀਆ 'ਤੇ ਇਸ ਦਾ ਅਸਰ ਹੀ ਨਹੀਂ ਹੋ ਰਿਹਾ ਹੈ। ਇਸ ਨਾਲ ਅਜਿਹੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਨ੍ਹਾਂ ਦੇ ਬੈਕਟੀਰੀਆ 'ਤੇ ਕਿਸੇ ਵੀ ਐਂਟੀਬਾਇਓਟਿਕ ਦਾ ਅਸਰ ਨਹੀਂ ਹੁੰਦਾ ਹੈ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਏਮਸ 'ਚ ਹੀ ਮਾਈਕ੍ਰੋਬਾਇਓਲਾਜੀ ਯੂਨਿਟ ਦੇ ਡਾ. ਵਿਜੇ ਕੁਮਾਰ ਗੁੱਜਰ ਮੁਤਾਬਕ ਆਈ. ਸੀ. ਯੂ. 'ਚ ਦਾਖਲ ਹੋਣ ਵਾਲੇ ਲੱਗਭਗ 70 ਫੀਸਦੀ ਮਰੀਜ਼ਾਂ 'ਤੇ ਐਂਟੀਬਾਇਓਟਿਕ ਬੇਅਸਰ ਹੋ ਜਾਂਦਾ ਹੈ। ਇਸ ਕਾਰਣ ਡਾਕਟਰਾਂ ਨੂੰ ਅਜਿਹੇ ਐਂਟੀਬਾਇਓਟਿਕ ਦਾ ਇਸਤੇਮਾਲ ਕਰਨਾ ਪੈਂਦਾ ਹੈ, ਜਿਨ੍ਹਾਂ ਦੇ ਉਲਟ ਅਸਰ ਕਾਰਣ ਉਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਰਿਹਾ।

ਬਚਾਅ
ਪਟੇਲ ਚੈੱਸਟ ਇੰਸਟੀਚਿਊਟ ਦੇ ਨਿਰਦੇਸ਼ਕ ਡਾ. ਰਾਜ ਕੁਮਾਰ ਮੁਤਾਬਕ ਇਨ੍ਹਾਂ ਬੈਕਟੀਰੀਆ ਤੋਂ ਬਚਾਅ ਦਾ ਇਕ ਹੀ ਉਪਾਅ ਹੈ ਸਫਾਈ। ਇਹ ਬੈਕਟੀਰੀਆ ਆਮ ਤੌਰ 'ਤੇ ਗੰਦੇ ਹੱਥ, ਖਾਣ-ਪੀਣ, ਸਾਹ ਲੈਣ ਅਤੇ ਗੰਦੇ ਵਾਤਾਵਰਣ ਨਾਲ ਸਰੀਰ 'ਚ ਆਉਂਦੇ ਹਨ। ਇਨ੍ਹਾਂ ਨੂੰ ਸਾਫ-ਸਫਾਈ ਨਾਲ ਹੀ ਰੋਕਿਆ ਜਾ ਸਕਦਾ ਹੈ।


Baljit Singh

Content Editor

Related News