ਦਿੱਲੀ ਵਾਸੀਆਂ ਨੂੰ ਨਹੀਂ ਆ ਰਿਹਾ ਸੌਖਾ ਸਾਹ, ਹਵਾ ਅਜੇ ਵੀ ''ਖਰਾਬ''
Sunday, Nov 25, 2018 - 04:40 PM (IST)

ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਹਵਾ ਦੀ ਰਫਤਾਰ 'ਚ ਵਾਧੇ ਨਾਲ ਹਵਾ ਗੁਣਵੱਤਾ ਵਿਚ ਸੁਧਾਰ ਆਉਣ ਤੋਂ ਬਾਅਦ ਵੀ ਇਹ 'ਖਰਾਬ' ਸ਼੍ਰੇਣੀ 'ਚ ਬਣੀ ਹੋਈ ਹੈ। ਕੇਂਦਰ ਵਲੋਂ ਸੰਚਾਲਤ ਹਵਾ ਗੁਣਵੱਤਾ ਅਤੇ ਮੌਸਮ ਵਿਭਾਗ ਮੁਤਾਬਕ ਏਅਰ ਕੁਆਲਿਟੀ ਇੰਡੈਕਸ (ਏ.ਕਿਊ. ਆਈ) 232 ਦਰਜ ਕੀਤਾ ਗਿਆ, ਜੋ ਕਿ ਖਰਾਬ ਸ਼੍ਰੇਣੀ ਵਿਚ ਆਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜਿਆਂ ਮੁਤਾਬਕ ਰਾਸ਼ਟਰੀ ਰਾਜਧਾਨੀ ਦੇ 3 ਇਲਾਕਿਆਂ ਵਿਚ ਹਵਾ ਗੁਣਵੱਤਾ ਬੇਹੱਦ ਖਰਾਬ ਰਹੀ, ਜਦਕਿ 21 ਇਲਾਕਿਆਂ 'ਚ ਇਹ ਖਰਾਬ ਰਹੀ। ਇਸ ਵਿਚ ਕਿਹਾ ਗਿਆ ਪੀਐਮ 2.5 ਦਾ ਪੱਧਰ 111 ਦਰਜ ਕੀਤਾ ਗਿਆ, ਜਦਕਿ ਪੀਐਮ 10 ਦਾ ਪੱਧਰ 241 ਰਿਹਾ।
ਇੱਥੇ ਦੱਸ ਦੇਈਏ ਕਿ 0 ਤੋਂ 50 ਅੰਕ ਤਕ ਏਅਰ ਕੁਆਲਿਟੀ ਇੰਡੈਕਸ ਨੂੰ 'ਚੰਗਾ', 51 ਤੋਂ 100 ਤਕ 'ਸੰਤੋਖਜਨਕ', 101 ਤੋਂ 200 ਤਕ 'ਮੱਧ ਜਾਂ ਆਮ', 201 ਤੋਂ 300 ਦੇ ਪੱਧਰ ਨੂੰ 'ਖਰਾਬ', 301 ਤੋਂ 400 ਦੇ ਪੱਧਰ ਨੂੰ 'ਬਹੁਤ ਖਰਾਬ' ਅਤੇ 401 ਤੋਂ 500 ਦੇ ਪੱਧਰ ਨੂੰ 'ਗੰਭੀਰ' ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ।