'ਜਹਾਜ਼ 'ਚ ਬੰਬ ਹੈ' ਦੀ ਸੂਚਨਾ ਮਿਲਦਿਆਂ ਯਾਤਰੀਆਂ ਨੂੰ ਪਈਆਂ ਭਾਜੜਾਂ, ਮੁੰਬਈ ਪਰਤੀ ਫਲਾਈਟ

Monday, Mar 10, 2025 - 04:27 PM (IST)

'ਜਹਾਜ਼ 'ਚ ਬੰਬ ਹੈ' ਦੀ ਸੂਚਨਾ ਮਿਲਦਿਆਂ ਯਾਤਰੀਆਂ ਨੂੰ ਪਈਆਂ ਭਾਜੜਾਂ, ਮੁੰਬਈ ਪਰਤੀ ਫਲਾਈਟ

ਮੁੰਬਈ- ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ 'ਚ ਬੰਬ ਰੱਖੇ ਹੋਣ ਦੀ ਸੂਚਨਾ ਮਿਲਣ ਮਗਰੋਂ ਇਸ ਨੂੰ ਸੋਮਵਾਰ ਨੂੰ ਹਵਾਈ ਅੱਡੇ 'ਤੇ ਵਾਪਸ ਲਿਆਂਦਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਪਖ਼ਾਨੇ 'ਚ ਬੰਬ ਰੱਖੇ ਹੋਣ ਦੀ ਸੂਚਨਾ ਦੇਣ ਵਾਲੀ ਚਿੱਠੀ ਮਿਲੀ। ਜਹਾਜ਼ ਵਿਚ 320 ਤੋਂ ਵੱਧ ਲੋਕ ਸਵਾਰ ਸਨ ਅਤੇ ਇਹ ਸੁਰੱਖਿਆ ਰੂਪ ਨਾਲ ਮੁੰਬਈ ਵਿਚ ਉਤਰ ਗਿਆ। ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। 

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਯਾਤਰੀ ਨੇ ਜਹਾਜ਼ ਦੇ ਪਖ਼ਾਨੇ ਦੇ ਅੰਦਰ 'ਜਹਾਜ਼ 'ਚ ਬੰਬ ਹੈ'' ਸੰਦੇਸ਼ ਲਿਖਿਆ ਵੇਖਿਆ ਅਤੇ ਚਾਲਕ ਦਲ ਨੂੰ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿਚ ਜਹਾਜ਼ ਨੂੰ ਇੱਥੋਂ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ। ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ ਅਤੇ ਅਸੀਂ ਜਾਂਚ ਕਰ ਰਹੇ ਹਾਂ।

ਇਕ ਸੂਤਰ ਨੇ ਦੱਸਿਆ ਕਿ ਬੋਇੰਗ 777-300ER ਜਹਾਜ਼ ਵਿਚ ਚਾਲਕ ਦਲ ਦੇ 19 ਮੈਂਬਰਾਂ ਸਮੇਤ 322 ਲੋਕ ਸਵਾਰ ਸਨ। ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਅੱਜ 10 ਮਾਰਚ, 2025 ਨੂੰ ਮੁੰਬਈ-ਨਿਊਯਾਰਕ (JFK) ਫਲਾਈਟ AI 119 'ਤੇ ਇਕ ਸੰਭਾਵੀ ਸੁਰੱਖਿਆ ਖਤਰੇ ਦਾ ਪਤਾ ਲੱਗਿਆ। ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕਰਨ ਤੋਂ ਬਾਅਦ ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਜਹਾਜ਼ ਨੂੰ ਵਾਪਸ ਮੁੰਬਈ ਲਿਆਇਆ ਗਿਆ। ਏਅਰਲਾਈਨ ਮੁਤਾਬਕ ਜਹਾਜ਼ ਸਵੇਰੇ 10.25 ਵਜੇ ਮੁੰਬਈ ਵਿਚ ਸੁਰੱਖਿਅਤ ਉਤਰਿਆ।

ਬਿਆਨ 'ਚ ਕਿਹਾ ਗਿਆ ਹੈ ਕਿ ਸੁਰੱਖਿਆ ਏਜੰਸੀਆਂ ਵਲੋਂ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਏਅਰ ਇੰਡੀਆ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ। ਉਡਾਣ ਦਾ ਸਮਾਂ ਬਦਲ ਕੇ 11 ਮਾਰਚ ਨੂੰ ਸਵੇਰੇ 5 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਏਅਰਲਾਈਨ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਹੋਟਲ ਵਿਚ ਰਿਹਾਇਸ਼, ਭੋਜਨ ਅਤੇ ਹੋਰ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ।


author

Tanu

Content Editor

Related News