Air India Crash : 15 ਪੰਨਿਆਂ ਦੀ ਮੁੱਢਲੀ ਜਾਂਚ ਰਿਪੋਰਟ ’ਚ ਹੋਇਆ ਖੁਲਾਸਾ

Saturday, Jul 12, 2025 - 11:54 PM (IST)

Air India Crash : 15 ਪੰਨਿਆਂ ਦੀ ਮੁੱਢਲੀ ਜਾਂਚ ਰਿਪੋਰਟ ’ਚ ਹੋਇਆ ਖੁਲਾਸਾ

ਨਵੀਂ ਦਿੱਲੀ- ਏਅਰ ਇੰਡੀਆ ਫਲਾਈਟ ਏ. ਆਈ.-171 ਦੇ ਦੋਹਾਂ ਇੰਜਣਾਂ ਨੂੰ ਫਿਊਲ ਸਪਲਾਈ ਕਰਨ ਵਾਲੇ ਸਵਿੱਚ ਬੰਦ ਹੋ ਗਏ ਸਨ। ਇਸ ਕਾਰਨ ਪਾਇਲਟਾਂ ’ਚ ਭੁਲੇਖੇ ਵਾਲੀ ਸਥਿਤੀ ਪੈਦਾ ਹੋ ਗਈ ਸੀ। ਉਸ ਤੋਂ ਕੁਝ ਸੈਕੰਡ ਬਾਅਦ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ’ਚ ਇਹ ਖੁਲਾਸਾ ਹੋਇਆ ਹੈ।
15 ਪੰਨਿਆਂ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕਾਕਪਿਟ ਵਾਇਸ ਰਿਕਾਰਡਿੰਗ' ’ਚ ਇਹ ਸੁਣਿਆ ਗਿਆ ਕਿ ਇਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਉਸ ਨੇ ਫਿਊਲ ਕਿਉਂ ਬੰਦ ਕਰ ਦਿੱਤਾ ਤਾਂ ਉਸ ਦਾ ਜਵਾਬ ਸੀ ਕਿ ਉਸ ਨੇ ਅਜਿਹਾ ਨਹੀਂ ਕੀਤਾ।

ਲੰਡਨ ਜਾਣ ਵਾਲਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ 12 ਜੂਨ ਨੂੰ ਅਹਿਮਦਾਬਾਦ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਇਕ ਮੈਡੀਕਲ ਕਾਲਜ ਦੇ ਹੋਸਟਲ ਨਾਲ ਟਕਰਾਉਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ’ਚ ਜਹਾਜ਼ ਵਿਚ ਸਵਾਰ 242 ਮੁਸਾਫਰਾਂ ’ਚੋਂ ਇਕ ਨੂੰ ਛੱਡ ਕੇ ਸਾਰਿਆਂ ਦੀ ਮੌਤ ਹੋ ਗਈ ਸੀ। 19 ਹੋਰ ਵਿਅਕਤੀ ਵੀ ਮਾਰੇ ਗਏ ਸਨ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੀ ਰਿਪੋਰਟ ’ਚ ਦਿੱਤੀਆਂ ਗਈਆਂ ਘਟਨਾਵਾਂ ਦੀ ਲੜੀ ਅਨੁਸਾਰ ਦੋਵੇਂ ਫਿਊਲ ਕੰਟਰੋਲ ਸਵਿੱਚ ਜੋ ਇੰਜਣਾਂ ਨੂੰ ਬੰਦ ਕਰਨ ਲਈ ਵਰਤੇ ਜਾਂਦੇ ਹਨ, ਟੇਕਆਫ ਦੇ ਤੁਰੰਤ ਬਾਅਦ ‘ਕਟ ਆਫ’ ਦੀ ਸਥਿਤੀ ’ਚ ਚਲੇ ਗਏ ਸਨ।

ਰਿਪੋਰਟ ’ਚ ਇਹ ਨਹੀਂ ਦੱਸਿਆ ਗਿਆ ਕਿ ਇਹ ਕਿਵੇਂ ਹੋਇਆ ਜਾਂ ਇਹ ਕਿਸ ਨੇ ਕੀਤਾ? ਲਗਭਗ 10 ਸੈਕੰਡ ਬਾਅਦ ਇਕ ਇੰਜਣ ਦਾ ਫਿਊਲ ਕੱਟ-ਆਫ ਸਵਿੱਚ ਆਪਣੀ ਕਥਿਤ ‘ਰਨ’ ਸਥਿਤੀ ’ਚ ਚਲਾ ਗਿਆ । 4 ਸੈਕੰਡ ਬਾਅਦ ਦੂਜਾ ਇੰਜਣ ਵੀ ‘ਰਨ’ ਸਥਿਤੀ ’ਚ ਆ ਗਿਆ।ਪਾਇਲਟ ਦੋਹਾਂ ਇੰਜਣਾਂ ਨੂੰ ਮੁੜ ਚਾਲੂ ਕਰਨ ’ਚ ਤਾਂ ਕਾਮਯਾਬ ਹੋ ਗਏ ਪਰ ਸਿਰਫ਼ ਇਕ ਇੰਜਣ ਹੀ ਸਹੀ ਚੱਲਿਆ ਜਦੋਂ ਕਿ ਦੂਜਾ ਇੰਜਣ ਲੋੜੀਂਦੀ ਸ਼ਕਤੀ ਪੈਦਾ ਨਹੀਂ ਕਰ ਸਕਿਆ।
ਪਾਇਲਟਾਂ ’ਚੋਂ ਇਕ ਨੇ ‘ਮੇ ਡੇ, ਮੇ ਡੇ, ਮੇ ਡੇ'’ ਦੀ ਚਿਤਾਵਨੀ ਜਾਰੀ ਕੀਤੀ ਪਰ ਏਅਰ ਟ੍ਰੈਫਿਕ ਕੰਟ੍ਰੋਲਰ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਜਹਾਜ਼ ਅਹਿਮਦਾਬਾਦ ਹਵਾਈ ਅੱਡੇ ਦੀ ਹੱਦ ਦੇ ਬਾਹਰ ਨੁਕਸਾਨਿਆ ਗਿਆ। ਕੁਝ ਦਰੱਖਤਾਂ ਨਾਲ ਟਕਰਾਉਣ ਤੋਂ ਬਾਅਦ ਉਹ ਇਕ ਹੋਸਟਲ ਨਾਲ ਜਾ ਟਕਰਾਇਆ।

ਇਕ ਪਾਇਲਟ ਨੇ ਦੂਜੇ ਨੂੰ ਪੁੱਛਿਆ - ਕੀ ਤੁਸੀਂ ਫਿਊਲ ਬੰਦ ਕਰ ਦਿੱਤਾ, ਜਵਾਬ - ਨਹੀਂ
ਰਿਪੋਰਟ ਅਨੁਸਾਰ ਫਿਊਲ ਦੀ ਸਪਲਾਈ ਬੰਦ ਹੋਣ ਕਾਰਨ ਇੰਜਣ 1 ਅਤੇ 2 ਦੀ ਕੁਸ਼ਲਤਾ ਘਟਣ ਲੱਗੀ। ਇਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਉਸ ਨੇ ਫਿਊਲ ਕਿਉਂ ਬੰਦ ਕੀਤਾ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਅਜਿਹਾ ਨਹੀਂ ਕੀਤਾ। ਜਹਾਜ਼ ਦੇ ਉਡਾਣ ਭਰਨ ਤੋਂ ਤੁਰੰਤ ਬਾਅਦ ਦੀ ਇਕ ਸੀ. ਸੀ. ਟੀ.ਵੀ. ਫੁਟੇਜ ਦਰਸਾਉਂਦੀ ਹੈ ਕਿ 'ਰੈਮ ਏਅਰ ਟਰਬਾਈਨ' ਨਾਮੀ ਬੈਕਅੱਪ' ਪਾਵਰ ਸਰਗਰਮ ਹੋ ਗਈ ਸੀ, ਜੋ ਇੰਜਣ ’ਚ ਪਾਵਰ ਦੀ ਘਾਟ ਨੂੰ ਦਰਸਾਉਂਦੀ ਹੈ। ਰਿਪੋਰਟ ’ਚ ਕਾਕਪਿਟ ਵਿਚ ਦੋ ਪਾਇਲਟਾਂ ਦਰਮਿਅਆਨ ਹੋਈ ਗੱਲਬਾਤ ਦੇ ਸਿਰਫ ਸੀਮਤ ਵੇਰਵੇ ਪ੍ਰਦਾਨ ਕੀਤੇ ਗਏ ਅਤੇ ਇਹ ਨਹੀਂ ਦੱਸਿਆ ਗਿਆ ਕਿ ਉਡਾਣ ਦੌਰਾਨ ਸਵਿੱਚ ‘ਕ- ਆਫ’ ਸਥਿਤੀ ’ਚ ਕਿਵੇਂ ਆਏ।

ਫਿਊਲ ਸਵਿੱਚ ਦੀ ਸਥਿਤੀ ਨੂੰ ਗਲਤੀ ਨਾਲ ਬਦਲਿਆ ਨਹੀਂ ਜਾ ਸਕਦਾ
ਇਕ ਤਜਰਬੇਕਾਰ ਪਾਇਲਟ ਅਨੁਸਾਰ ਫਿਊਲ ਸਵਿੱਚ ਦੀ ਸਥਿਤੀ ਨੂੰ ਗਲਤੀ ਨਾਲ ਬਦਲਿਆ ਨਹੀਂ ਜਾ ਸਕਦਾ ਪਰ ਇਸ ਲਈ ਇਕ ਪ੍ਰਕਿਰਿਆ ਹੁੰਦੀ ਹੈ। ਫਿਊਲ ਸਵਿੱਚ ਆਮ ਤੌਰ ’ਤੇ ਬਰੈਕਟਾਂ ਰਾਹੀਂ ਸੁਰੱਖਿਅਤ ਕੀਤੇ ਜਾਂਦੇ ਹਨ। ਇਹ ਬਰੈਕਟ ਇਸ ਲਈ ਸਥਾਪਿਤ ਕੀਤੇ ਜਾਂਦੇ ਹਨ ਤਾਂ ਜੋ ਸਵਿੱਚ ਦੀ ਸਥਿਤੀ ’ਚ ਕੋਈ ਅਚਾਨਕ ਤਬਦੀਲੀ ਨਾ ਆਵੇ।
ਪਾਇਲਟ ਨੇ ਕਿਹਾ ਕਿ ਸਵਿੱਚ ਨੂੰ ਇਸ ਦੀ ਸਥਿਤੀ ਬਦਲਣ ਤੋਂ ਪਹਿਲਾਂ ਉੱਪਰ ਖਿੱਚਣਾ ਪੈਂਦਾ ਹੈ। ਬੋਇੰਗ 787 ਡ੍ਰੀਮਲਾਈਨਰ ’ਚ ਫਿਊਲ ਸਵਿੱਚ ਥ੍ਰਸਟ ਲੀਵਰਾਂ ਦੇ ਹੇਠਾਂ ਸਥਿਤ ਹੁੰਦੇ ਹਨ।


author

Hardeep Kumar

Content Editor

Related News