ਕੋਰੋਨਾ ਦਾ ਨਤੀਜਾ : ਏਅਰ ਇੰਡੀਆ ਕਾਮਿਆਂ ਨੂੰ 5 ਸਾਲ ਤੱਕ ਬਿਨਾਂ ਤਨਖ਼ਾਹ ਭੇਜੇਗੀ ਛੁੱਟੀ ''ਤੇ
Thursday, Jul 16, 2020 - 09:33 AM (IST)
ਨਵੀਂ ਦਿੱਲੀ (ਭਾਸ਼ਾ) : ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਕੁਸ਼ਲਤਾ, ਸਿਹਤ ਅਤੇ ਜ਼ਰੂਰਤ ਦੇ ਆਧਾਰ 'ਤੇ ਕਾਮਿਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ 5 ਸਾਲ ਤੱਕ ਲਈ ਬਿਨਾਂ ਤਨਖਾਹ ਲਾਜ਼ਮੀ ਛੁੱਟੀ 'ਤੇ ਭੇਜਿਆ ਜਾਵੇਗਾ। ਕੰਪਨੀ ਵਲੋਂ ਮੰਗਲਵਾਰ ਨੂੰ ਜਾਰੀ ਇਕ ਅਧਿਕਾਰਕ ਆਦੇਸ਼ ਮੁਤਾਬਕ ਡਾਇਰੈਕਟਰ ਮੰਡਲ ਨੇ ਏਅਰ ਇੰਡੀਆ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਰਾਜੀਵ ਬੰਸਲ ਨੂੰ ਕਾਮਿਆਂ ਦੀ ਕੁਸ਼ਲਤਾ, ਸਮਰੱਥਾ, ਪ੍ਰਦਰਸ਼ਨ ਦੀ ਗੁਣਵੱਤਾ, ਕਾਮਿਆਂ ਦੀ ਸਿਹਤ, ਪਹਿਲਾਂ ਡਿਊਟੀ ਦੇ ਸਮੇਂ ਉਪਲਬਧਤਾ ਆਦਿ ਦੇ ਆਧਾਰ 'ਤੇ 6 ਮਹੀਨੇ ਜਾਂ 2 ਸਾਲ ਲਈ ਬਿਨਾਂ ਤਨਖਾਹ ਲਾਜ਼ਮੀ ਛੁੱਟੀ 'ਤੇ ਭੇਜਣ ਲਈ ਕਿਹਾ ਹੈ ਅਤੇ ਇਹ ਮਿਆਦ 5 ਸਾਲ ਤੱਕ ਵਧਾਈ ਜਾ ਸਕਦੀ ਹੈ।
ਏਅਰ ਇੰਡੀਆ ਵਲੋਂ 14 ਜੁਲਾਈ ਨੂੰ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਮੁੱਖ ਦਫਤਰ 'ਚ ਵਿਭਾਗਾਂ ਦੇ ਮੁਖੀਆਂ ਦੇ ਨਾਲ-ਨਾਲ ਖੇਤਰੀ ਦਫਤਰਾਂ ਦੇ ਡਾਇਰੈਕਟਰ ਉਪਰੋਕਤ ਕਸੌਟੀਆਂ ਦੇ ਆਧਾਰ 'ਤੇ ਹਰੇਕ ਕਾਮੇ ਦਾ ਮੁਲਾਂਕਣ ਕਰਨਗੇ ਅਤੇ ਬਿਨਾਂ ਤਨਖਾਹ ਲਾਜ਼ਮੀ ਛੁੱਟੀ ਦੇ ਬਦਲ ਦੇ ਮਾਮਲਿਆਂ ਦੀ ਪਛਾਣ ਕਰਨਗੇ। ਆਦੇਸ਼ ਵਿਚ ਕਿਹਾ ਗਿਆ, 'ਅਜਿਹੇ ਕਾਮਿਆਂ ਦੇ ਨਾਵਾਂ ਨੂੰ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਦੀ ਜ਼ਰੂਰੀ ਮਨਜ਼ੂਰੀ ਲਈ ਹੈਡਕੁਆਰਟਰ ਵਿਚ ਮਹਾਪ੍ਰਬੰਧਕ ਨੂੰ ਭੇਜਿਆ ਜਾਣਾ ਚਾਹੀਦਾ ਹੈ। ਇਸ ਸੰਬੰਧ ਵਿਚ ਪੁੱਛੇ ਜਾਣ 'ਤੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, 'ਅਸੀਂ ਇਸ ਮਾਮਲੇ 'ਤੇ ਟਿੱਪਣੀ ਨਹੀਂ ਕਰਣਾ ਚਾਹੁੰਦੇ।'
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਭਾਰਤ ਅਤੇ ਹੋਰ ਦੇਸ਼ਾਂ ਵਿਚ ਯਾਤਰਾ 'ਤੇ ਲੱਗੀਆਂ ਪਾਬੰਦੀਆਂ ਕਾਰਨ ਹਵਾਬਾਜ਼ੀ ਕੰਪਨੀਆਂ 'ਤੇ ਬਹੁਤ ਜ਼ਿਆਦਾ ਅਸਰ ਹੋਇਆ ਹੈ। ਭਾਰਤ ਦੀਆਂ ਸਾਰੀਆਂ ਹਵਾਬਾਜ਼ੀ ਕੰਪਨੀਆਂ ਨੇ ਤਨਖ਼ਾਹ ਵਿਚ ਕਟੌਤੀ, ਬਿਨਾਂ ਤਨਖ਼ਾਹ ਛੁੱਟੀ 'ਤੇ ਭੇਜਣ, ਕਾਮਿਆਂ ਨੂੰ ਕੱਢਣ ਸਮੇਤ ਹੋਰ ਉਪਾਅ ਖਰਚਿਆਂ ਵਿਚ ਕਟੌਤੀ ਕੀਤੀ ਹੈ। ਉਦਾਹਰਣ ਲਈ ਗੋ ਏਅਰ ਨੇ ਅਪ੍ਰੈਲ ਤੋਂ ਆਪਣੇ ਜ਼ਿਆਦਾਤਰ ਕਾਮਿਆਂ ਨੂੰ ਬਿਨਾਂ ਤਨਖਾਹ ਲਾਜ਼ਮੀ ਛੁੱਟੀ 'ਤੇ ਭੇਜ ਦਿੱਤਾ ਹੈ।
ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਪਾਬੰਦੀ ਦੇ ਕਰੀਬ 2 ਮਹੀਨੇ ਬਾਅਦ 25 ਮਈ ਨੂੰ ਘਰੇਲੂ ਜਹਾਜ਼ ਸੇਵਾ ਸ਼ੁਰੂ ਕੀਤੀ ਗਈ। ਹਾਲਾਂਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਸਿਰਫ਼ 45 ਫ਼ੀਸਦੀ ਜਹਾਜ਼ਾਂ ਨੂੰ ਹੀ ਉਡਾਣ ਭਰਨ ਦੀ ਆਗਿਆ ਦਿੱਤੀ ਗਈ ਸੀ। 25 ਮਈ ਤੋਂ ਘਰੇਲੂ ਜਹਾਜ਼ ਸੇਵਾ ਸ਼ੁਰੂ ਹੋਣ ਦੇ ਬਾਅਦ ਤੋਂ ਕੁੱਲ ਸੀਟ ਸਮਰੱਥਾ ਦੇ ਮੁਕਾਬਲੇ ਸਿਰਫ਼ 50 ਤੋਂ 60 ਫ਼ੀਸਦੀ ਯਾਤਰੀ ਹੀ ਸਫਰ ਕਰ ਰਹੇ ਹਨ।