ਸ਼੍ਰੀਨਗਰ ਦੀ ਡਲ ਝੀਲ ’ਤੇ 26 ਸਤੰਬਰ ਨੂੰ ਏਅਰ ਸ਼ੋਅ ਆਯੋਜਿਤ ਕਰੇਗੀ ਹਵਾਈ ਫੌਜ

Thursday, Sep 16, 2021 - 12:25 PM (IST)

ਨੈਸ਼ਨਲ ਡੈਸਕ– ਭਾਰਤੀ ਹਵਾਈ ਫੌਜ ਕਸ਼ਮੀਰ ਦੇ ਨੌਜਵਾਨਾਂ ਨੂੰ ਫੌਜ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਅਤੇ ਖੇਤਰ ’ਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ 26 ਸਤੰਬਰ ਨੂੰ ਪ੍ਰਸਿੱਧ ਡਲ ਝੀਲ ’ਤੇ ਇਕ ਏਅਰ ਸ਼ੋਅ ਆਯੋਜਿਤ ਕਰੇਗੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਏਅਰ ਸ਼ੋਅ ’ਚ 3,000 ਤੋਂ ਜ਼ਿਆਦਾ ਸਕੂਲੀ ਬੱਚੇ ਅਤੇ ਕਾਲਜ ਦੇ ਵਿਦਿਆਰਥੀ ਸ਼ਾਮਲ ਹੋਣਗੇ। ਕਸ਼ਮੀਰ ਦੇ ਮੰਡਲ ਕਮਿਸ਼ਨਰ ਪਾਂਡੂਰੰਗ ਦੇ ਪੋਲ ਨੇ ਕਿਹਾ ਏਅਰ ਸ਼ੋਅ ਦਾ ਮੁੱਖ ਉਦੇਸ਼ ਘਾਟੀ ਦੇ ਨੌਜਵਾਨਾਂ ਨੂੰ ਭਾਰਤੀ ਹਵਾਈ ਫੌਜ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਅਤੇ ਖੇਤਰ ’ਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣਾ ਹੈ। ਪੋਲ ਨੇ ਮੰਗਲਵਾਰ ਨੂੰ ਆਜ਼ਾਦੀ ਦਾ ਅਮ੍ਰਿਤ ਮਹਾਉਤਸਵ ਸਮਾਰੋਹ ਦੇ ਤਹਿਤ ਹਵਾਈ ਫੌਜ ਦੁਆਰਾ ਆਯੋਜਿਤ ਏਅਰ ਸ਼ੋਅ ’ਚ ਵਿਦਿਆਰਥੀਆਂ ਦੀ ਭਾਗੀਦਾਰੀ ਦੇ ਸੰਬੰਧ ’ਚ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਸੀ। 

ਸ਼ੋਅ ਦੀ ਥੀਮ ‘ਗਿਵ ਵਿੰਗਸ ਟੂ ਯੋਰ ਡਰੀਮਸ’ ਹੈ। ਇਕ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ ਪ੍ਰਭਾਵਸ਼ਾਲੀ ਜੰਗ ਅਭਿਆਸ ਨੂੰ ਵੇਖਣ ਲਈ 3,000 ਤੋਂ ਜ਼ਿਆਦਾ ਕਾਲਜ ਅਤੇ ਸਕੂਲੀ ਵਿਦਿਆਰਥੀਆਂ ਦੇ ਪ੍ਰੋਗਰਾਮ ’ਚ ਭਾਗ ਲੈਣ ਦੀ ਉਮੀਦ ਹੈ ਜੋ ਉਨ੍ਹਾਂ ਨੂੰ ਹਵਾਈ ਫੌਜ ਅਤੇ ਜਹਾਜ਼ ਖੇਤਰ ’ਚ ਕਰੀਅਰ ਬਾਰੇ ਸੁਫਨੇ ਵੇਖਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸ਼ੋਅ ਵਿਦਿਆਰਥੀਆਂ ’ਚ ਆਪਣੇ ਸੁਫਨਿਆਂ ਨੂੰ ਖੰਭ ਦੇਣ ਦਾ ਜਨੂੰਨ ਵੀ ਪੈਦਾ ਕਰੇਗਾ। ਵਿਦਿਆਰਥੀਆਂ ਦੇ ਨਾਲ-ਨਾਲ 700 ਅਧਿਆਪਕ ਵੀ ਪ੍ਰੋਗਰਾਮ ’ਚ ਮੌਜੂਦ ਰਹਿਣਗੇ।


Rakesh

Content Editor

Related News