ਯੂਕ੍ਰੇਨ 'ਚ ਫਸੇ 210 ਭਾਰਤੀਆਂ ਨੂੰ ਲੈ ਕੇ ਹਵਾਈ ਫ਼ੌਜ ਦੀ ਫਲਾਈਟ ਹਿੰਡਨ ਏਅਰਬੇਸ ਪਹੁੰਚੀ
Sunday, Mar 06, 2022 - 11:45 AM (IST)
ਨਵੀਂ ਦਿੱਲੀ- ਆਪਰੇਸ਼ਨ ਗੰਗਾ ਦੇ ਅਧੀਨ ਭਾਰਤੀ ਹਵਾਈ ਫ਼ੌਜ ਵਲੋਂ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਸਿਲਸਿਲਾ ਜਾਰੀ ਹੈ। ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਐਤਵਾਰ ਨੂੰ 210 ਭਾਰਤੀਆਂ ਨੂੰ ਲੈ ਕੇ ਰੋਮਾਨੀਆ ਦੇ ਬੁਖਾਰੈਸਟ ਤੋਂ ਦਿੱਲੀ ਕੋਲ ਹਿੰਡਨ ਏਅਰਬੇਸ ਪਹੁੰਚਿਆ। ਇਸ ਬਾਰੇ ਭਾਰਤੀ ਹਵਾਈ ਫ਼ੌਜ ਨੇ ਇਕ ਟਵੀਟ 'ਚ ਦੱਸਿਆ। ਹਵਾਈ ਫ਼ੌਜ ਨੇ ਟਵੀਟ ਕਰ ਕੇ ਕਿਹਾ,''6 ਮਾਰਚ ਸਵੇਰੇ 7.30 ਵਜੇ ਭਾਰਤੀ ਹਵਾਈ ਫ਼ੌਜ ਨੇ 11 ਉਡਾਣਾਂ ਭੇਜ ਕੇ ਹੰਗਰੀ, ਪੋਲੈਂਡ, ਰੋਮਾਨੀਆ ਅਤੇ ਸਲੋਵਾਕੀਆ ਦੇ ਰਸਤੇ ਭਾਰਤੀਆਂ ਦੀ ਵਾਪਸੀ ਕਰਵਾਈ ਹੈ। ਨਾਲ ਹੀ ਫ਼ੌਜ ਨੇ 26.25 ਟਨ ਰਾਹਤ ਸਮੱਗਰੀ ਉਪਲੱਬਧ ਕਰਵਾਈ। ਦੱਸਣਯੋਗ ਹੈ ਕਿ ਆਪਰੇਸ਼ਨ ਗੰਗਾ ਲਈ ਹਵਾਈ ਫ਼ੌਜ ਨੂੰ ਬਚਾਅ ਮੁਹਿੰਮ 'ਚ ਲਗਾਇਆ ਗਿਆ ਹੈ।''
'ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕ੍ਰੇਨ ਸੰਕਟ 'ਤੇ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ 'ਚ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਅਤੇ ਇਕ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਰਹੇ। ਇਸ ਤੋਂ ਪਹਿਲਾਂ, ਯੂਕ੍ਰੇਨ ਸੰਕਟ 'ਤੇ ਪ੍ਰਧਾਨ ਮੰਤਰੀ ਨਿਯਮਿਤ ਰੂਪ ਨਾਲ ਉੱਚ ਪੱਧਰੀ ਬੈਠਕਾਂ ਦੀ ਪ੍ਰਧਾਨਗੀ ਕਰਦੇ ਰਹੇ ਹਨ। ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਸੰਕਟ ਪ੍ਰਭਾਵਿਤ ਯੂਕ੍ਰੇਨ ਤੋਂ ਆਪਰੇਸ਼ਨ ਗੰਗਾ ਦੇ ਅਧੀਨ ਹੁਣ ਤੱਕ 13,300 ਤੋਂ ਵਧ ਲੋਕ ਭਾਰਤ ਪਰਤ ਚੁਕੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ