ਬਰੇਲੀ ’ਚ ਹਵਾਈ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
Tuesday, Nov 18, 2025 - 02:37 AM (IST)
ਬਰੇਲੀ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਦੇ ਮੀਰਗੰਜ ਖੇਤਰ ਦੇ ਗੋਰਾ ਲੋਕਨਾਥਪੁਰ ਪਿੰਡ ਵਿਚ ਸੋਮਵਾਰ ਸ਼ਾਮ ਭਾਰਤੀ ਹਵਾਈ ਫੌਜ ਦੇ ਇਕ ਹੈਲੀਕਾਪਟਰ ’ਚ ਤਕਨੀਕੀ ਖਰਾਬੀ ਆਉਣ ਕਾਰਨ ਉਸਦੀ ਇਕ ਖੇਤ ਵਿਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਘਟਨਾ ਲੱਗਭਗ 3.40 ਵਜੇ ਵਾਪਰੀ। ਉਡਾਣ ਦੌਰਾਨ ਆਈ ਤਕਨੀਕੀ ਖਰਾਬੀ ਤੋਂ ਬਾਅਦ ਪਾਇਲਟ ਨੇ ਮੁਸਤੈਦੀ ਦਿਖਾਉਂਦੇ ਹੋਏ ਕਿਸਾਨ ਨੰਨ੍ਹੇ ਸ਼ਰਮਾ ਦੇ ਖੇਤ ਨੂੰ ਸੁਰੱਖਿਅਤ ਸਮਝਿਆ ਅਤੇ ਹੈਲੀਕਾਪਟਰ ਨੂੰ ਬਿਨਾਂ ਕਿਸੇ ਨੁਕਸਾਨ ਦੇ ਉਤਾਰ ਲਿਆ। ਹੈਲੀਕਾਪਟਰ ਵਿਚ ਮੌਜੂਦ ਸਾਰੇ ਜਵਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਸੂਚਨਾ ਮਿਲਣ ’ਤੇ ਹਵਾਈ ਫੌਜ ਨੇ ਤੁਰੰਤ ਇਕ ਦੂਜਾ ਹੈਲੀਕਾਪਟਰ ਭੇਜਿਆ, ਜਿਸਨੇ ਹੈਲੀਕਾਪਟਰ ਵਿਚ ਸਵਾਰ ਫੌਜੀਆਂ ਅਤੇ ਅਧਿਕਾਰੀਆਂ ਨੂੰ ਏਅਰਬੇਸ ਪਹੁੰਚਾਇਆ। ਤਕਨੀਕੀ ਖਰਾਬੀ ਵਾਲਾ ਹੈਲੀਕਾਪਟਰ ਸ਼ਾਮ ਲੱਗਭਗ 6 ਵਜੇ ਤੱਕ ਖੇਤ ਵਿਚ ਖੜ੍ਹਾ ਰਿਹਾ। ਹਵਾਈ ਫੌਜ ਦੇ ਰੱਖਿਆ ਲੋਕ ਸੰਪਰਕ ਅਧਿਕਾਰੀ ਸ਼ਾਂਤਨੂ ਪ੍ਰਤਾਪ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਹੈਲੀਕਾਪਟਰ ਇਕ ਨਿਯਮਤ ਸਿਖਲਾਈ ਮਿਸ਼ਨ ’ਤੇ ਸੀ।
