ਹਵਾਈ ਫ਼ੌਜ ਦਿਹਾੜਾ : ਨਿਰਮਲਜੀਤ ਸਿੰਘ ਸੇਖੋਂ ਦਾ ਬਲੀਦਾਨ ਹਮੇਸ਼ਾ ਰਹੇਗਾ ਯਾਦ

10/8/2020 12:46:11 PM

ਨਵੀਂ ਦਿੱਲੀ- ਭਾਰਤੀ ਹਵਾਈ ਫੌਜ 8 ਅਕਤੂਬਰ ਨੂੰ ਆਪਣਾ 88ਵਾਂ ਸਥਾਪਨਾ ਦਿਵਸ ਮਨ੍ਹਾ ਰਹੀ ਹੈ। ਹਵਾਈ ਫੌਜ ਭਾਰਤੀ ਹਥਿਆਰਬੰਦ ਫੌਜ ਦਾ ਇਕ ਅੰਗ ਹੈ, ਜੋ ਹਵਾਈ ਯੁੱਧ ਅਤੇ ਹਵਾਈ ਸੁਰੱਖਿਆ ਦਾ ਮਹੱਤਵਪੂਰਨ ਕੰਮ ਦੇਸ਼ ਲਈ ਕਰਦੀ ਹੈ। ਇਸ ਦੀ ਸਥਾਪਨਾ 8 ਅਕਤੂਬਰ 1932 ਨੂੰ ਕੀਤੀ ਗਈ ਸੀ। 88 ਸਾਲ ਬਾਅਦ ਭਾਰਤੀ ਹਵਾਈ ਫੌਜ 21ਵੀਂ ਸਦੀ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਸਾਹਸੀ ਫੌਜਾਂ 'ਚੋਂ ਮੋਹਰੀ ਹੈ ਅਤੇ ਯੁੱਧ ਤੇ ਸ਼ਾਂਤੀ ਕਾਲ 'ਚ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੇ ਹਵਾਈ ਵੀਰਾਂ ਨੇ ਬਹੁਤ ਚੰਗੀ ਤਰ੍ਹਾਂ ਨਿਭਾਈ ਹੈ। ਇਸ ਮੁਕਾਮ ਤੱਕ ਪਹੁੰਚਾਉਣ 'ਚ ਹਵਾਈ ਯੋਧਿਆਂ ਨੇ ਆਪਣੇ ਖੂਨ ਨਾਲ ਉਸ ਦੇ ਮੱਥੇ 'ਤੇ ਵਿਜੇ ਤਿਲਕ ਲਗਾਇਆ ਹੈ। 1947, 1965, 1971 ਅਤੇ 1999 ਦੀ ਜਿੱਤ 'ਚ ਹਵਾਈ ਫੌਜ ਦੀ ਭੂਮਿਕਾ ਅਹਿਮ ਰਹੀ ਹੈ। 1962 ਦੇ ਚੀਨੀ ਯੁੱਧ 'ਚ ਵੀ ਫੌਜੀ ਸਾਜੋ-ਸਮਾਨ ਨੂੰ ਯੁੱਧ ਖੇਤਰ ਤੱਕ ਪਹੁੰਚਾਉਣ 'ਚ ਹਵਾਈ ਫੌਜ ਦਾ ਯੋਗਦਾਨ ਅਹਿਮ ਸੀ। ਸ਼ਾਂਤੀਕਾਲ 'ਚ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਅਤੇ ਦੇਸ਼ ਵਾਸੀਆਂ ਦੀ ਸੇਵਾ ਕਰਨ ਦਾ ਇਨ੍ਹਾਂ ਦਾ ਜਜ਼ਬਾ ਅਦਭੁੱਤ ਰਿਹਾ ਹੈ।

ਉਂਝ ਤਾਂ ਅਸੀਂ ਹਰ ਹਵਾਈ ਵੀਰ ਦਾ ਇਸ ਦਿਨ ਅਭਿਨੰਦਨ ਕਰਦੇ ਹਾਂ ਪਰ ਇਸ ਮੌਕੇ ਅਸੀਂ ਭਾਰਤੀ ਹਵਾਈ ਫੌਜ ਦੇ ਇਕਮਾਤਰ ਪਰਮਵੀਰ ਚੱਕਰ ਜੇਤੂ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੇ ਬਲੀਦਾਨ ਨੂੰ ਭੁਲਾ ਨਹੀਂ ਕਰਦੇ ਹਾਂ। ਹੁਣ ਤੱਕ ਕੁੱਲ 21 ਪਰਮਵੀਰ ਚੱਕਰਾਂ 'ਚੋਂ 20 ਭਾਰਤੀ ਫੌਜ ਨੂੰ ਮਿਲ ਚੁਕੇ ਹਨ ਅਤੇ ਇਕ ਪਰਮਵੀਰ ਚੱਕਰ ਹਵਾਈ ਫੌਜ ਨੂੰ ਮਿਲਿਆ ਅਤੇ ਇਸ ਨੂੰ ਹਾਸਲ ਕਰਨ ਲਈ ਜਾਬਾਂਜ਼ ਦਾ ਨਾਂ ਸੀ- ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ।

ਜਨਮ-
ਨਿਰਮਲਜੀਤ ਸਿੰਘ ਸੇਖੋਂ ਦਾ ਜਨਮ 17 ਜੁਲਾਈ 1943 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਇਕ ਫੌਜੀ ਪਰਿਵਾਰ 'ਚ ਹੋਇਆ ਸੀ। ਉਹ (ਮਾਨਦ) ਫਲਾਈਟ ਲੈਫਟੀਨੈਂਟ ਤਰਲੋਕ ਸਿੰਘ ਸੇਖੋਂ ਦੇ ਬੇਟੇ ਸਨ। ਉਨ੍ਹਾਂ ਨੇ 4 ਜੂਨ 1967 ਨੂੰ ਇਕ ਪਾਇਲਟ ਅਫ਼ਸਰ ਦੇ ਰੂਪ 'ਚ ਭਾਰਤੀ ਹਵਾਈ ਫੌਜ 'ਚ ਪ੍ਰਵੇਸ਼ ਕੀਤਾ। 14 ਦਸੰਬਰ 1971 ਨੂੰ ਪਾਕਿਸਤਾਨੀ ਹਵਾਈ ਫੌਜ ਬੇਸ ਪੇਸ਼ਾਵਰ ਤੋਂ ਸ਼੍ਰੀਨਗਰ ਹਵਾਈ ਅੱਡੇ 'ਤੇ 26ਵੀਂ ਸਕੁਐਰਡਨ ਦੇ 6 ਪਾਕਿਸਤਾਨੀ ਹਵਾਈ ਫੌਜ ਐੱਫ.-86 ਜੈੱਟ ਜਹਾਜ਼ਾਂ ਵਲੋਂ ਹਮਲਾ ਕੀਤਾ ਗਿਆ ਸੀ।

ਇਸ ਤਰ੍ਹਾਂ ਕੀਤਾ ਦੁਸ਼ਮਣਾਂ ਦਾ ਸਾਹਮਣਾ
ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਉੱਥੇ 18 ਨੈਟ ਸਕੁਐਰਡਨ ਨਾਲ ਤਾਇਨਾਤ ਸਨ। ਸਵੇਰੇ ਲਗਭਗ 8 ਵਜੇ ਚੇਤਾਵਨੀ ਮਿਲੀ ਕਿ ਦੁਸ਼ਮਣ ਹਮਲਾ ਕਰ ਰਹੇ ਹਨ। ਕੁਝ ਹੀ ਮਿੰਟਾਂ 'ਚ ਸੇਖੋਂ ਅਤੇ ਫਲਾਈਟ ਲੈਫਟੀਨੈਂਟ ਘੁੰਮਨ ਆਪਣੇ ਜਹਾਜ਼ਾਂ 'ਚ ਦੁਸ਼ਮਣ ਦਾ ਸਾਹਮਣਾ ਕਰਨ ਲਈ ਆਸਮਾਨ 'ਚ ਸਨ। ਏਅਰ ਫੀਲਡ ਤੋਂ ਪਹਿਲਾਂ ਘੁੰਮਨ ਦੇ ਜਹਾਜ਼ ਨੇ ਰਣਵੇਅ ਛੱਡਿਆ ਸੀ। ਉਸ ਤੋਂ ਬਾਅਦ ਜਿਵੇਂ ਹੀ ਨਿਰਮਲਜੀਤ ਸਿੰਘ ਦਾ ਨੈਟ ਉੱਡਿਆ, ਰਣਵੇਅ 'ਤੇ ਉਨ੍ਹਾਂ ਦੇ ਠੀਕ ਪਿੱਛੇ ਇਕ ਬੰਬ ਆ ਕੇ ਡਿੱਗਿਆ। ਬੰਬ ਡਿੱਗਣ ਤੋਂ ਬਾਅਦ ਏਅਰ ਫੀਲਡ ਤੋਂ ਕਾਮਬੈਟ ਏਅਰ ਪੈਟਰੋਲ ਦਾ ਸੰਪਰਕ ਸੇਖੋਂ ਅਤੇ ਘੁੰਮਨ ਨਾਲ ਟੁੱਟ ਗਿਆ ਸੀ। ਸਾਰੀ ਏਅਰਫੀਲਡ ਧੂੰਏਂ ਅਤੇ ਧੂੜ ਨਾਲ ਭਰ ਗਈ ਸੀ, ਜੋ ਉਸ ਬੰਬ ਧਮਾਕੇ ਦਾ ਨਤੀਜਾ ਸੀ। ਘੁੰਮਨ ਨੇ ਵੀ ਇਸ ਗੱਲ ਦੀ ਕੋਸ਼ਿਸ਼ ਕੀਤੀ ਕਿ ਉਹ ਨਿਰਮਲਜੀਤ ਸਿੰਘ ਦੀ ਮਦਦ ਲਈ ਪਹੁੰਚ ਸਕੇ ਪਰ ਉਹ ਸੰਭਵ ਨਹੀਂ ਹੋ ਸਕਿਆ। ਉਦੋਂ ਰੇਡੀਓ ਸੰਚਾਰ ਵਿਵਸਥਾ ਨਾਲ ਨਿਰਮਲਜੀਤ ਸਿੰਘ ਦੀ ਆਵਾਜ਼ ਸੁਣਾਈ ਦਿੱਤੀ।
''ਮੈਂ 2 ਸੇਬਰ ਜੈੱਟ ਜਹਾਜ਼ਾਂ ਦੇ ਪਿੱਛੇ ਹਾਂ, ਮੈਂ ਉਨ੍ਹਾਂ ਨੂੰ ਜਾਣ ਨਹੀਂ ਦੇਵਾਂਗਾ'', ਉਸ ਦੇ ਕੁਝ ਹੀ ਪਲ ਬਾਅਦ ਨੈਟ ਤੋਂ ਹਮਲੇ ਦੀ ਆਵਾਜ਼ ਆਸਮਾਨ 'ਚ ਗੂੰਜੀ ਅਤੇ ਇਕ ਸੇਬਰ ਜੈੱਟ ਅੱਗ 'ਚ ਬਲਦਾ ਹੋਇਆ ਡਿੱਗਦਾ ਨਜ਼ਰ ਆਇਆ। ਉਦੋਂ ਨਿਰਮਲਜੀਤ ਸਿੰਘ ਸੇਖੋਂ ਨੇ ਆਪਣਾ ਸੰਦੇਸ਼ ਪ੍ਰਸਾਰਿਤ ਕੀਤਾ।
''ਮੈਂ ਮੁਕਾਬਲੇ 'ਤੇ ਹਾਂ ਅਤੇ ਮੈਨੂੰ ਮਜ਼ਾ ਆ ਰਿਹਾ ਹੈ। ਮੇਰੇ ਆਲੇ-ਦੁਆਲੇ ਦੁਸ਼ਮਣ ਦੇ 2 ਸੇਬਰ ਜੈੱਟ ਹਨ।''

ਇਹ ਸੀ ਆਖਰੀ ਸੰਦੇਸ਼ 
ਇਸ ਤੋਂ ਬਾਅਦ ਨੈਟ ਤੋਂ ਇਕ ਹੋਰ ਧਮਾਕਾ ਹੋਇਆ, ਜਿਸ ਤੋਂ ਬਾਅਦ ਦੁਸ਼ਮਣ ਦਾ ਦੂਜਾ ਸੇਬਰ ਜੈੱਟ ਵੀ ਢੇਰ ਹੋ ਗਿਆ। ਕੁਝ ਦੇਰ ਦੀ ਸ਼ਾਂਤੀ ਤੋਂ ਬਾਅਦ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਸੰਦੇਸ਼ ਫਿਰ ਸੁਣਿਆ ਗਿਆ। ਉਨ੍ਹਾਂ ਨੇ ਕਿਹਾ,''ਸ਼ਾਇਦਾ ਮੇਰਾ ਜੈੱਟ ਵੀ ਨਿਸ਼ਾਨੇ 'ਤੇ ਆ ਗਿਆ ਹੈ, ਘੁੰਮਨ, ਹੁਣ ਤੂੰ ਮੋਰਚਾ ਸੰਭਾਲ।'' ਅਤੇ ਇਸ ਤਰ੍ਹਾਂ, ਆਪਣਾ ਆਖਰੀ ਸੰਦੇਸ਼ ਦੇਣ ਤੋਂ ਬਾਅਦ, ਉਨ੍ਹਾਂ ਨੇ ਆਪਣੇ ਪਿਆਰੇ ਦੇਸ਼ ਲਈ ਆਪਣਾ ਜੀਵਨ ਬਲੀਦਾਨ ਕਰ ਦਿੱਤਾ। ਸੇਖੋਂ ਦੀ ਵੀਰਤਾ ਦੀ ਪ੍ਰਸ਼ੰਸਾ ਪਾਕਿਸਤਾਨੀ ਪਾਇਲਟ ਸਲੀਮ ਬੇਗ ਮਿਰਜ਼ਾ ਨੇ ਵੀ ਆਪਣੇ ਲੇਖ 'ਚ ਕੀਤੀ ਹੈ।
1971 'ਚ ਸਿਰਫ਼ 26 ਸਾਲ ਦੀ ਉਮਰ 'ਚ ਇਨ੍ਹਾਂ ਨੇ ਭਾਰਤ-ਪਾਕਿਸਤਾਨ ਯੁੱਧ 'ਚ ਆਪਣਾ ਸਰਵਉੱਚ ਬਲੀਦਾਨ ਦਿੱਤਾ। ਉਨ੍ਹਾਂ ਦੀ ਇਸ ਵੀਰਤਾ, ਸਾਹਸ ਅਤੇ ਸਰਵਉੱਚ ਬਲੀਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਲ 1972 'ਚ ਮਰਨ ਤੋਂ ਬਾਅਦ ਪਰਮਵੀਰ ਚੱਕਰ ਦਾ ਸਨਮਾਨ ਦਿੱਤਾ ਅਤੇ ਆਪਣੇ ਇਸ ਬਲੀਦਾਨ ਦੇ ਨਾਲ ਉਨ੍ਹਾਂ ਨੇ ਆਪਣੇ ਗੁਰੂਆਂ ਦੀ ਵਾਣੀ ਨੂੰ ਵੀ ਸੱਚ ਕਰ ਦਿੱਤਾ।

ਜੇ ਤੋ ਪ੍ਰੇਮ ਖੇਲਣ ਕਾ ਚਾਵ, ਸਿਰ-ਧੜ ਤਲੀ ਗਲੀ ਮੇਰੀ ਆਓ, 
ਇਤ ਮਾਰਗ ਪੈਰ ਧਰੀਜੈ, ਸੀਸ, ਦੀਜੈ, ਕਾਨ ਨਾ ਕੀਜੈ
ਅਰਥਾਤ ਪ੍ਰੇਮ ਦੀ ਗਲੀ 'ਚ ਆਉਣ ਦਾ ਸ਼ੌਂਕ ਹੈ ਤਾਂ ਜਨਾਬ ਜਾਨ ਦੇਣ ਦਾ ਜਜ਼ਬਾ ਰੱਖੋ। ਕਿਸੇ ਹੋਰ ਚੀਜ਼ ਦੀ ਚਿੰਤਾ ਕੀਤੇ ਬਿਨਾਂ ਆਪਣਾ ਸਿਰ ਅਰਪਣ ਕਰਨ ਲਈ ਤਿਆਰ ਰਹੋ।
ਆਪਣੀ ਮਾਂ ਭੂਮੀ ਦੀ ਸੇਵਾ ਲਈ, ਉਸ ਲਈ ਆਪਣਾ ਪ੍ਰੇਮ ਦਿਖਾਉਣ ਲਈ ਉਹੀ ਨੌਜਵਾਨ ਅੱਗੇ ਆਉਂਦੇ ਹਨ, ਜਿਨ੍ਹਾਂ 'ਚ ਆਪਣੇ ਸਿਰ ਨੂੰ ਆਪਣੇ ਹੱਥਾਂ 'ਤੇ ਰੱਖ ਕੇ ਭਾਰਤ ਮਾਂ ਨੂੰ ਭੇਟ ਕਰਨ ਦਾ ਜਜ਼ਬਾ ਹੁੰਦਾ ਹੈ ਅਤੇ ਨਿਰਮਲਜੀਤ ਸਿੰਘ ਸੇਖੋਂ ਸਾਡੇ ਸਾਹਮਣੇ ਇਕ ਉਦਾਹਰਣ ਹਨ।
ਕਹਿੰਦੇ ਹਨ ਕਿ- ''ਮੰਜ਼ਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਫ਼ਨਿਆਂ 'ਚ ਜਾਨ ਹੁੰਦੀ ਹੈ, 
ਖੰਭ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ।''
ਸੇਖੋਂ ਕੋਲ ਨਾ ਸਿਰਫ਼ ਖੰਭ ਸਨ, ਸਗੋਂ ਉਹ ਆਸਮਾਨ ਦੀਆਂ ਉੱਚਾਈਆਂ ਨੂੰ ਛੂਹਣ ਦਾ ਸਾਹਸ ਵੀ ਰੱਖਦੇ ਸਨ। ਸੇਖੋਂ ਇਕ ਅਜਿਹੇ ਵਿਅਕਤੀ ਦਾ ਆਦਰਸ਼ ਉਦਾਹਰਣ ਸਨ, ਜੋ ਆਪਣੇ ਜੀਵਨ ਤੋਂ ਵੱਡੇ ਸਨ। 26 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਪਣਾ ਜੀਵਨ ਜਿਸ ਤਰ੍ਹਾਂ ਨਾਲ ਬਿਤਾਇਆ, ਆਮ ਲੋਕ ਇਸ ਤਰਾਂ ਦੇ ਜੀਵਨ ਦਾ ਸਿਰਫ਼ ਸੁਫ਼ਨਾ ਦੇਖਦੇ ਹਨ। ਨਿਰਮਲਜੀਤ ਸਿੰਘ ਸੇਖੋਂ ਸਰੀਖੇ ਵੀਰ ਕਦੇ ਮਰ ਨਹੀਂ ਸਕਦੇ।
ਜੋ ਉਡਾਣ ਉਨ੍ਹਾਂ ਦਿੱਤੀ, ਉਹ ਕਦੇ ਹੇਠਾਂ ਨਹੀਂ ਆਏਗੀ, ਸਗੋਂ ਉੱਚੀ ਹੋਰ ਉੱਚੀ ਹੁੰਦੀ ਜਾਵੇਗੀ। ਉਨ੍ਹਾਂ ਦੇ ਖੰਭਾਂ ਦੀ ਉਡਾਣ ਕਦੇ ਘੱਟ ਨਹੀਂ ਹੋ ਸਕਦੀ। ਹੁਣ ਇਸ ਉਡਾਣ ਨੂੰ ਹੋਰ ਵੀ ਗਤੀ ਦੇਣ ਲਈ, ਪੁਰਸ਼ਾਂ ਦੇ ਨਾਲ-ਨਾਲ ਬੀਬੀਆਂ ਵੀ ਪਿੱਛੇ ਨਹੀਂ ਹਨ। ਅਗਸਤ 1966 'ਚ ਭਾਰਤੀ ਹਵਾਈ ਫੌਜ ਮੈਡੀਕਲ ਅਧਿਕਾਰੀ, ਫਲਾਈਟ ਲੈਫਟੀਨੈਂਟ ਕਾਂਤਾ ਹਾਂਡਾ, 1965 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਆਪਣੀ ਸੇਵਾ ਲਈ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੀ ਪਹਿਲੀ ਬੀਬੀ ਭਾਰਤੀ ਹਵਾਈ ਫੌਜ ਅਧਿਕਾਰੀ ਬਣੀ। 1994 'ਚ, ਬੀਬੀਆਂ ਪਾਇਲਟ ਦੇ ਰੂਪ 'ਚ ਹਵਾਈ ਫੌਜ 'ਚ ਸ਼ਾਮਲ ਹੋਈਆਂ। ਗੁੰਜਨ ਸਕਸੈਨਾ (ਉਡਾਣ ਅਧਿਕਾਰੀ) ਅਤੇ ਸ਼੍ਰੀਵਿਦਿਆ ਰਾਜਨ ਕਾਰਗਿਲ ਯੁੱਧ ਦੌਰਾਨ ਯੁੱਧ ਖੇਤਰ 'ਚ ਉਡਾਣ ਭਰਨ ਵਾਲੀ ਪਹਿਲੀ ਬੀਬੀਆਂ 'ਚੋਂ ਸੀ। 2006 'ਚ, ਦੀਪਿਕਾ ਮਿਸ਼ਰਾ ਸਾਰੰਗ ਪ੍ਰਦਰਸ਼ਨ ਟੀਮ ਲਈ ਸਿਖਲਾਈ ਦੇਣ ਵਾਲੀ ਪਹਿਲੀ ਆਈ.ਏ.ਐੱਫ. ਪਾਇਲਟ ਬੀਬੀ ਸੀ। 2012 'ਚ, ਰਾਜਸਥਾਨ ਦੀ ਨਿਵੇਦਿਤਾ ਚੌਧਰੀ (ਫਲਾਈਟ ਲੈਫਟੀਨੈਂਟ), ਮਾਊਂਟ ਐਵਰੈਸਟ ਨੂੰ ਫਤਿਹ ਕਰਨ ਵਾਲੀ ਭਾਰਤੀ ਹਵਾਈ ਫੌਜ ਦੀ ਪਹਿਲੀ ਬੀਬੀ ਬਣੀ। 2015 'ਚ, ਭਾਰਤੀ ਹਵਾਈ ਫੌਜ ਨੇ ਲੜਾਕੂ ਪਾਇਲਟ ਦੇ ਰੂਪ 'ਚ ਬੀਬੀਆਂ ਲਈ ਨਵੇਂ ਦਰਵਾਜ਼ੇ ਖੋਲ੍ਹੇ, ਇਸ ਤੋਂ ਇਲਾਵਾ ਭਾਰਤੀ ਹਵਾਈ ਫੌਜ 'ਚ ਹੈਲੀਕਾਪਟਰ ਪਾਇਲਟ ਦੇ ਰੂਪ 'ਚ ਉਨ੍ਹਾਂ ਦੀ ਭੂਮਿਕਾ ਸੀ।
ਹਵਾਈ ਫੌਜ 'ਚ ਬੀਬੀਆਂ ਦਾ ਇਹ ਰੂਪ ਅਦਭੁੱਤ ਅਤੇ ਕਲਪਣਾ ਤੋਂ ਪਰ੍ਹੇ ਹੈ। ਭਾਰਤੀ ਹਵਾਈ ਫੌਜ ਇਕ ਜਜ਼ਬਾ, ਇਕ ਜੁਨੂੰਨ ਹੈ, ਕੁਝ ਕਰ ਦਿਖਾਉਣ ਦਾ। ਹੁਣ ਰਾਫ਼ੇਲ ਵਰਗੇ ਆਧੁਨਿਕ ਜਹਾਜ਼ ਨੂੰ ਉਡਾਣ ਲਈ ਵੀ ਬੀਬੀ ਪਾਇਲਟ ਚੁਣੀ ਜਾ ਚੁਕੀ ਹੈ।
ਭਾਰਤੀ ਹਵਾਈ ਫੌਜ ਦੇ ਹਰ ਜਵਾਨ ਅਤੇ ਅਧਿਕਾਰੀ ਦੇ ਸਾਹਸ ਅਤੇ ਦ੍ਰਿੜ ਸੰਕਲਪ ਨੂੰ ਹਰ ਦੇਸ਼ਵਾਸੀ ਦਾ ਸਲਾਮ। ਦੇਸ਼ ਤੁਹਾਡੀ ਸੇਵਾ ਲਈ ਸਦਾ ਤੁਹਾਡਾ ਧੰਨਵਾਦੀ ਹੈ। ਮੈਂ ਮਨੀਸ਼ ਸਿੰਘ ਦੀਆਂ ਇਹ ਲਾਈਨਾਂ ਭਾਰਤੀ ਹਵਾਈ ਫੌਜ ਨੂੰ ਸਮਰਪਿਤ ਕਰਨਾ ਚਾਹਾਂਗੀ।
ਜ਼ਿੰਦਗੀ ਦੀ ਅਸਲੀ ਉਡਾਣ ਹਾਲੇ ਬਾਕੀ ਹੈ
ਜ਼ਿੰਦਗੀ ਦੇ ਕਈ ਇੰਤੇਹਾਂ ਹਾਲੇ ਬਾਕੀ ਹਨ
ਹਾਲੇ ਤਾਂ ਨਾਪੀ ਹੈ ਮੁੱਠੀ ਭਰ ਜ਼ਮੀਨ ਅਸੀਂ
ਹਾਲੇ ਤਾਂ ਸਾਰਾ ਆਸਮਾਨ ਬਾਕੀ ਹੈ।
ਜੈ ਹਿੰਦ
ਸ਼੍ਰੀਮਤੀ ਨੀਲਮ ਹੁੰਦਲ
ਫੌਜੀ ਬੇਟੀ ਅਤੇ ਫੌਜੀ ਪਤਨੀ
ਜਲੰਧਰ ਕੈਂਟ


DIsha

Content Editor DIsha